ਪੁਣੇ, 13 ਮਾਰਚ
ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਮਨਾਏ ਜਾ ਰਹੇ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਦੇ ਹਿੱਸੇ ਵਜੋਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਵੱਲੋਂ ਅੱਜ ਇੱਥੇ ਇਕ ਪ੍ਰਦਰਸ਼ਨੀ ਦਾ ਆਨਲਾਈਨ ਉਦਘਾਟਨ ਕੀਤਾ ਗਿਆ। ਇਹ ਪ੍ਰਦਰਸ਼ਨੀ ਆਗਾ ਖਾਨ ਮਹਿਲ ਵਿੱਚ ਲੱਗੀ ਹੈ ਜੋ 15 ਮਾਰਚ ਤੱਕ ਚੱਲੇਗੀ। ਇਸ ਦੌਰਾਨ ਸ੍ਰੀ ਜਾਵੜੇਕਰ ਨੇ ਕਿਹਾ, ‘‘ਕਾਫੀ ਕੁਰਬਾਨੀਆਂ ਤੋਂ ਬਾਅਦ ਅਸੀਂ ਆਜ਼ਾਦੀ ਹਾਸਲ ਕੀਤੀ ਸੀ। ਇਸ ਵਾਸਤੇ ਇਹ ਜ਼ਰੂਰੀ ਹੈ ਕਿ ਹਰ ਕੋਈ ਆਜ਼ਾਦੀ ਸੰਘਰਸ਼ ਦੀ ਯਾਤਰਾ ਨੂੰ ਸਮਝੇ। ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦਾ ਮਕਸਦ ਆਜ਼ਾਦ ਭਾਰਤ ਦੀਆਂ ਵੱਖ-ਵੱਖ ਉਪਲੱਬਧੀਆਂ ਨੂੰ ਦਰਸਾਉਣਾ ਵੀ ਹੈ। ਅਗਲੇ 25 ਸਾਲਾਂ ਵਿੱਚ ਦੇਸ਼ ਵੱਲੋਂ ਕੀਤੀ ਜਾਣ ਵਾਲੀ ਪ੍ਰਗਤੀ ਨੂੰ ਵੀ ਅਸੀਂ ਦਰਸਾਉਣਾ ਚਾਹੁੰਦੇ ਹਾਂ।’’ ਦਿੱਲੀ ਵਿੱਚ ਸਥਿਤ ਕੌਮੀ ਮੀਡੀਆ ਸੈਂਟਰ ਵਿੱਚ ਪ੍ਰਦਰਸ਼ਨੀ ਦਾ ਆਨਲਾਈਨ ਉਦਘਾਟਨ ਕਰਨ ਤੋਂ ਬਾਅਦ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜ ਹੋਰ ਥਾਵਾਂ ’ਤੇ ਵੀ ਪ੍ਰਦਰਸ਼ਨੀਆਂ ਦਾ ਆਨਲਾਈਨ ਉਦਘਾਟਨ ਕੀਤਾ ਗਿਆ ਜਿਨ੍ਹਾਂ ਵਿੱਚ ਬੰਗਲੌਰ, ਭੁਬਨੇਸ਼ਵਰ, ਪਟਨਾ, ਸਾਂਬਾ (ਜੰਮੂ ਕਸ਼ਮੀਰ), ਮੋਇਰਾਂਗ (ਮਣੀਪੁਰ) ਤੇ ਪਟਨਾ ਸ਼ਾਮਲ ਸਨ। -ਪੀਟੀਆਈ