ਦਾਹੋਦ, 8 ਅਕਤੂਬਰ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇੱਥੇ ਚੋਣ ਲਾਮਬੰਦੀ ਦੌਰਾਨ ਐਲਾਨ ਕੀਤਾ ਕਿ ਗੁਜਰਾਤ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਭਗਵਾਨ ਰਾਮ ਦੇ ਦਰਸ਼ਨਾਂ ਲਈ ਅਯੁੱਧਿਆ ਜਾਣ ਵਾਲੇ ਸ਼ਰਧਾਲੂਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਲੋਕਾਂ ਲਈ ਕੰਮ ਕਰਦੀ ਹੈ, ਇਸ ਲਈ ਆਮ ਆਦਮੀ ਪਾਰਟੀ ਇਸ ਸਾਲ ਦਸੰਬਰ ਮਹੀਨੇ ਹੋਣ ਵਾਲੀਆਂ ਗੁਜਰਾਤ ਚੋਣਾਂ ਜਿੱਤੇਗੀ। ਦੋ ਦਿਨਾਂ ਗੁਜਰਾਤ ਦੌਰੇ ਦੇ ਪਹਿਲੇ ਦਿਨ ਦਾਹੋਦ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਵੀ ਅਜਿਹੀ ਇੱਕ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤਹਿਤ ਸ਼ਰਧਾਲੂਆਂ ਨੂੰ ਇੱਕ ਵਿਸ਼ੇਸ਼ ਰੇਲ ਗੱਡੀ ਰਾਹੀਂ ਮੁਫ਼ਤ ਅਯੁੱਧਿਆ ਲਿਜਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗੁਜਰਾਤ ’ਚ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਅਯੁੱਧਿਆ ਦੀ ਯਾਤਰਾ ਦੌਰਾਨ ਟਿਕਟ, ਰਹਿਣ-ਸਹਿਣ ਅਤੇ ਖਾਣ-ਪੀਣ ਦਾ ਖ਼ਰਚਾ ਸਰਕਾਰ ਚੁੱਕੇਗੀ। ਕੇਜਰੀਵਾਲ ਨੇ ਸੂਬੇ ਵਿੱਚ ਗਾਵਾਂ ਦੀ ਸਾਂਭ-ਸੰਭਾਲ ਲਈ 40 ਰੁਪਏ ਪ੍ਰਤੀ ਦਿਨ ਭੱਤਾ ਦੇਣ ਦਾ ਵਾਅਦਾ ਵੀ ਦੁਹਰਾਇਆ। ਉਨ੍ਹਾਂ ਕਿਹਾ ਕਿ ਗੁਜਰਾਤ ਚੋਣਾਂ ਜਿੱਤਣ ਮਗਰੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਾਂਗੇ। -ਪੀਟੀਆਈ
‘ਕੰਸ ਦੇ ਜਾਨਸ਼ੀਨਾਂ ਦੇ ਨਾਸ਼ ਲਈ ਰੱਬ ਨੇ ਮੈਨੂੰ ਭੇਜਿਆ’
‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਆਪਣੇ ਖ਼ਿਲਾਫ਼ ਲੱਗੇ ਪੋਸਟਰਾਂ ’ਤੇ ਕਿਹਾ ਕਿ ਉਹ ਜਨਮਅਸ਼ਟਮੀ ਵਾਲੇ ਦਿਨ ਪੈਦਾ ਹੋਏ ਹਨ ਅਤੇ ਰੱਬ ਨੇ ਉਨ੍ਹਾਂ ਨੂੰ ਕੰਸ ਦੇ ਉੱਤਰਾਧਿਕਾਰੀਆਂ ਨੂੰ ਖ਼ਤਮ ਕਰਨ ਦਾ ਵਿਸ਼ੇਸ਼ ਕੰਮ ਸੌਂਪਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੋਸਟਰਾਂ ਦੀ ਸ਼ਬਦਾਵਲੀ ਭਗਵਾਨ ਦਾ ਅਪਮਾਨ ਹੈ।
ਗੁਜਰਾਤ ’ਚ ਕੇਜਰੀਵਾਲ ਨੂੰ ਹਿੰਦੂ ਵਿਰੋਧੀ ਦਰਸਾਉਂਦੇ ਬੈਨਰ ਲੱਗੇ
ਅਹਿਮਦਾਬਾਦ: ਗੁਜਰਾਤ ਦੇ ਕਈ ਪ੍ਰਮੁੱਖ ਸ਼ਹਿਰਾਂ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਿੰਦੂ ਵਿਰੋਧੀ ਗਰਦਾਨਦਿਆਂ ਬੈਨਰ ਲਗਾਏ ਗਏ ਹਨ। ਉਨ੍ਹਾਂ ਨੂੰ ਤਸਵੀਰ ’ਚ ਮੁਸਲਿਮ ਭਾਈਚਾਰੇ ਵੱਲੋਂ ਪਹਿਨੀ ਜਾਂਦੀ ਇਕ ਟੋਪੀ ’ਚ ਵੀ ਦਿਖਾਇਆ ਗਿਆ ਹੈ। ਇਹ ਬੈਨਰ ਉਸ ਸਮੇਂ ਲਾਏ ਗਏ ਹਨ ਜਦੋਂ ‘ਆਪ’ ਸੁਪਰੀਮੋ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਚਾਰ ਲਈ ਦੋ ਦਿਨਾਂ ਦੇ ਗੁਜਰਾਤ ਦੌਰੇ ’ਤੇ ਹਨ। ਕੇਜਰੀਵਾਲ ਦੀਆਂ ਤਸਵੀਰਾਂ ਦੇ ਨਾਲ ਕੁਝ ਬੈਨਰਾਂ ’ਤੇ ‘ਮੈਂ ਹਿੰਦੂ ਧਰਮ ਨੂੰ ਪਾਗਲਪਣ ਸਮਝਦਾ ਹਾਂ’ ਵਰਗੀਆਂ ਸਤਰਾਂ ਲਿਖੀਆਂ ਹੋਈਆਂ ਹਨ ਅਤੇ ਕੁਝ ਹੋਰਾਂ ’ਤੇ ‘ਹਿੰਦੂ ਵਿਰੋਧੀ ਕੇਜਰੀਵਾਲ ਵਾਪਸ ਜਾਓ’ ਦੇ ਸੁਨੇਹੇ ਲਿਖੇ ਗਏ ਹਨ। -ਪੀਟੀਆਈ