ਨਵੀਂ ਦਿੱਲੀ, 17 ਅਗਸਤ
ਕੇਂਦਰੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀਯੂਈਟੀ)-ਯੂਜੀ ਦੇ ਚੌਥੇ ਪੜਾਅ ‘ਚ ਤਕਨੀਕੀ ਖਾਮੀਆਂ ਕਾਰਨ ਅੱਜ ਕਈ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੇਂਦਰਾਂ ‘ਤੇ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ। ਦਿੱਲੀ ਦੇ ਗੁਰੂ ਹਰਗੋਬਿੰਦ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ, ਜਸੋਲਾ (ਦਿੱਲੀ) ਦੇ ਏਆਈਐੱਸ ਅਸੈਸਮੈਂਟ ਜ਼ੋਨ ਵਿੱਚ ਏਸ਼ੀਆ ਪੈਸੀਫਿਕ ਇੰਸਟੀਚਿਊਟ, ਦਿੱਲੀ ਦੇ ਨਾਂਗਲੋਈ ਵਿੱਚ ਆਕਾਸ਼ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਅਤੇ ਪੀਤਮਪੁਰਾ ਵਿੱਚ ਵਿਵੇਕਾਨੰਦ ਇੰਸਟੀਚਿਊਟ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਕੇਂਦਰਾਂ ਦੇ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਤਕਨੀਕੀ ਖਾਮੀਆਂ ਅਤੇ ਸਰਵਰ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਵਾਪਸ ਭੇਜ ਦਿੱਤਾ ਗਿਆ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਕਿਹਾ ਕਿ ਸਾਰੇ ਪ੍ਰਭਾਵਿਤ ਉਮੀਦਵਾਰਾਂ ਨੂੰ ਦੁਬਾਰਾ ਟੈਸਟ ਲਈ ਮੌਕਾ ਮਿਲੇਗਾ। ਯੂਜੀਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਦੱਸਿਆ, ‘ਕੁਝ ਕੇਂਦਰਾਂ ‘ਤੇ, ਸਰਵਰ ਦੀ ਸਮੱਸਿਆ ਸੀ। ਸਾਰੇ ਪ੍ਰਭਾਵਿਤ ਉਮੀਦਵਾਰਾਂ ਨੂੰ ਦੁਬਾਰਾ ਟੈਸਟ ਲਈ ਮੌਕਾ ਮਿਲੇਗਾ।’ ਕੁਝ ਵਿਦਿਆਰਥੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਪ੍ਰੀਖਿਆ ਨਿਰਧਾਰਤ ਸਮੇਂ ਤੋਂ ਘੱਟੋ-ਘੱਟ ਦੋ ਘੰਟੇ ਦੇਰੀ ਨਾਲ ਸ਼ੁਰੂ ਹੋਈ।