ਸ੍ਰੀਨਗਰ, 28 ਅਗਸਤ
ਜੰਮੂ ਤੇ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਹੋਏ ਇਕ ਮੁਕਾਬਲੇ ਦੌਰਾਨ ਸਲਾਮਤੀ ਦਸਤਿਆਂ ਨੇ ਚਾਰ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਜਦੋਂਕਿ ਇਕ ਦਹਿਸ਼ਤਗਰਦ ਨੇ ਆਤਮ ਸਮਰਪਣ ਕਰ ਦਿੱਤਾ। ਮਾਰੇ ਗਏ ਦਹਿਸ਼ਤਗਰਦਾਂ ਵਿੱਚ ਅਲ-ਬਦਰ ਜਥੇਬੰਦੀ ਦਾ ਜ਼ਿਲ੍ਹਾ ਕਮਾਂਡਰ ਸ਼ਕੂਰ ਪਾਰੇ ਵੀ ਸ਼ਾਮਲ ਹੈ ਜਦੋਂਕਿ ਇਕ ਹੋਰ ਦਹਿਸ਼ਤਗਰਦ ਸੁਹੇਲ ਭੱਟ ਸ਼ਹਿਰ ਦੇ ਖਾਨਮੋਹ ਖੇਤਰ ਵਿੱਚੋਂ ਦਸ ਦਿਨ ਪਹਿਲਾਂ ਪੰਚ ਨੂੰ ਅਗਵਾ ਕਰਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਸ਼ਾਮਲ ਸੀ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਇਕ ਸੂਹ ਦੇ ਆਧਾਰ ’ਤੇ ਸ਼ੋਪੀਆਂ ਜ਼ਿਲ੍ਹੇ ਦੇ ਕਿਲੂਰਾ ਖੇਤਰ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਵਿੱਢੀ ਤਾਂ ਇਕ ਥਾਂ ਲੁਕੇ ਦਹਿਸ਼ਤਗਰਦਾਂ ਨੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਦੁਵੱਲੀ ਗੋਲੀਬਾਰੀ ਵਿੱਚ ਚਾਰ ਦਹਿਸ਼ਤਗਰਦ ਮਾਰੇ ਗਏ ਜਦੋਂਕਿ ਪੰਜਵੇਂ ਦਹਿਸ਼ਤਗਰਦ ਨੇ ਗੋਡੇ ਟੇਕ ਦਿੱਤੇ। ਰੱਖਿਆ ਤਰਜਮਾਨ ਕਰਨਲ ਰਾਜੇਸ਼ ਕਾਲੀਆ ਨੇ ਕਿਹਾ ਕਿ ਮੌਕੇ ਤੋਂ ਦੋ ਏਕੇ ਰਾਈਫ਼ਲਾਂ ਤੇ ਤਿੰਨ ਪਿਸਟਲ ਵੀ ਬਰਾਮਦ ਕੀਤੇ ਗਏ ਹਨ।
ਕਸ਼ਮੀਰ ’ਚ ਦਹਿਸ਼ਤਗਰਦਾਂ ਦੀ ਛੁਪਣਗਾਹ ਦਾ ਪਰਦਾਫਾਸ਼
ਸ੍ਰੀਨਗਰ: ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ’ਚ ਪੁਲੀਸ, ਫ਼ੌਜ ਅਤੇ ਸੀਆਰਪੀਐੱਫ ਦੀ ਸਾਂਝੀ ਟੀਮ ਨੇ ਦਹਿਸ਼ਤਗਰਦਾਂ ਦੀ ਛੁਪਣਗਾਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਕਿਹਾ ਜੈਸ਼-ਏ-ਮੁਹੰਮਦ ਜਥੇਬੰਦੀ ਨਾਲ ਜੁੜੇ ਦਹਿਸ਼ਤਗਰਦਾਂ ਦੀ ਇਸ ਛੁਪਣਗਾਹ ਤੋਂ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ ਹੈ।