ਸ੍ਰੀਨਗਰ, 20 ਅਗਸਤ
ਨੈਸ਼ਨਲ ਕਾਨਫਰੰਸ ਦੇ ਚਾਰ ਸੀਨੀਅਰ ਆਗੂਆਂ ਨੇ ਅੱਜ ਪਾਰਟੀ ਪ੍ਰਧਾਨ ਫਾਰੂਕ ਅਬਦੁੱਲ੍ਹਾ ਦੀ ਅਗਵਾਈ ਹੇਠ ਉਨ੍ਹਾਂ ਦੀ ਰਿਹਾਇਸ਼ ’ਚ ਮੀਟਿੰਗ ਕੀਤੀ। ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਹਾਈ ਕੋਰਟ ’ਚ ਇਹ ਦਾਅਵਾ ਕਰਨ ਕਿ ਨੈਸ਼ਨਲ ਕਾਨਫਰੰਸ ਪਾਰਟੀ ਦਾ ਕੋਈ ਵੀ ਆਗੂ ਨਜ਼ਰਬੰਦ ਨਹੀਂ, ਤੋਂ ਬਾਅਦ ਆਗੂਆਂ ਨੇ ਇਹ ਮੀਟਿੰਗ ਕੀਤੀ ਹੈ।
ਨੈਸ਼ਨਲ ਕਾਨਫਰੰਸ ਦੇ ਜਨਰਲ ਸਕੱਤਰ ਅਲੀ ਮੁਹੰਮਦ ਸਾਗਰ ਅਤੇ ਸਾਬਕਾ ਮੰਤਰੀ ਮੁਹੰਮਦ ਸ਼ਫੀ ਉੜੀ, ਅਬਦੁੱਲ ਰਹੀਮ ਰਾਠੇਰ ਤੇ ਨਸੀਰ ਸੋਗਾਮੀ ਅਬਦੁੱਲ੍ਹਾ ਦੀ ਗੁਪਕਾਰ ਰੋਡ ਸਥਿਤ ਰਿਹਾਇਸ਼ ’ਤੇ ਪਹੁੰਚੇ। ਸ੍ਰੀਨਗਰ ਤੋਂ ਲੋਕ ਸਭਾ ਮੈਂਬਰ ਮੁਹੰਮਦ ਅਕਬਰ ਲੋਨ ਵੀ ਅਬਦੁੱਲ੍ਹਾ ਦੀ ਰਿਹਾਇਸ਼ ’ਤੇ ਦਿਖਾਈ ਦਿੱਤੇ ਹਨ। ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਜੰਮੂ ਕਸ਼ਮੀਰ ਹਾਈ ਕੋਰਟ ’ਚ ਇਹ ਦਾਅਵਾ ਕੀਤੇ ਜਾਣ ਕਿ, ਪਾਰਟੀ ਦੇ 16 ਆਗੂਆਂ ’ਚੋਂ ਕੋਈ ਵੀ ਨਜ਼ਰਬੰਦ ਨਹੀਂ ਹੈ, ਤੋਂ ਬਾਅਦ ਉਨ੍ਹਾਂ ਬੀਤੇ ਦਿਨ ਮੀਟਿੰਗ ਸੱਦਣ ਦਾ ਫ਼ੈਸਲਾ ਕੀਤਾ ਸੀ। ਪ੍ਰਸ਼ਾਸਨ ਨੇ ਅਦਾਲਤ ’ਚ ਪਾਰਟੀ ਦੇ ਦਾਅਵੇ ਨੂੰ ਨਕਾਰ ਦਿੱਤਾ ਸੀ। ਬੀਤੇ ਦਿਨ ਪਾਰਟੀ ਨੇ ਕਿਹਾ ਸੀ ਕਿ ਪ੍ਰਸ਼ਾਸਨ ਵੱਲੋਂ ਅਦਾਲਤ ’ਚ ਦਾਇਰ ਕੀਤੇ ਜਵਾਬ ਦੇ ਆਧਾਰ ’ਤੇ ਉਨ੍ਹਾਂ ਨੂੰ ਹੁਣ ਕਿਤੇ ਵੀ ਜਾਣ ਦੀ ਖੁੱਲ੍ਹ ਹੈ ਤੇ ਇਸੇ ਆਧਾਰ ’ਤੇ ਪਾਰਟੀ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਮੀਟਿੰਗ ਲਈ ਸੱਦਿਆ ਹੈ। ਪਾਰਟੀ ਨੇ ਨਾਲ ਹੀ ਕਿਹਾ ਕਿ ਕਰੋਨਾਵਾਇਰਸ ਕਾਰਨ ਬਣੇ ਮਾਹੌਲ ਦਾ ਖ਼ਿਆਲ ਰੱਖਿਆ ਜਾਵੇਗਾ ਤੇ ਪਾਰਟੀ ਦੇ ਆਗੂਆਂ ਨੂੰ ਚਾਰ-ਚਾਰ ਦੇ ਬੈਚ ’ਚ ਮੀਟਿੰਗ ਲਈ ਸੱਦਿਆ ਜਾਵੇਗਾ। ਕਰੋਨਾ ਦੀ ਰੋਕਥਾਮ ਲਈ ਬਣਾਏ ਗਏ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇਗਾ।
-ਪੀਟੀਆਈ