ਸ੍ਰੀਨਗਰ, 16 ਜੂਨ
ਜੰਮੂ ਕਸ਼ਮੀਰ ਦੇ ਕੁਲਗਾਮ ਅਤੇ ਅਨੰਤਨਾਗ ਜ਼ਿਲ੍ਹਿਆਂ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਦੋ ਵੱਖ ਵੱਖ ਮੁਕਾਬਲਿਆਂ ਵਿੱਚ ਚਾਰ ਅਤਿਵਾਦੀ ਮਾਰੇ ਗਏ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਵਿੱਚ ਇੱਕ ਉਹ ਅਤਿਵਾਦੀ ਵੀ ਸ਼ਾਮਲ ਸੀ, ਜਿਸ ਨੇ ਪਿਛਲੇ ਮਹੀਨੇ ਅਧਿਆਪਕਾ ਦੀ ਹੱਤਿਆ ਕੀਤੀ ਸੀ। ਪੁਲੀਸ ਨੇ ਦੱਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਮਗਰੋਂ ਸੁਰੱਖਿਆ ਬਲਾਂ ਨੇ ਕੁਲਗਾਮ ਦੇ ਮਿਸ਼ੀਪੋਰਾ ਖੇਤਰ ਵਿੱਚ ਮੰਗਲਵਾਰ ਤੋਂ ਤਲਾਸ਼ੀ ਮੁਹਿੰਮ ਚਲਾਈ ਸੀ ਹੋਈ ਸੀ ਅਤੇ ਮੁਕਾਬਲੇ ਦੌਰਾਨ ਦੋ ਅਤਿਵਾਦੀ ਮਾਰੇ ਗਏ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਜ਼ੁਬੀਰ ਸੋਫੀ ਵਾਸੀ ਮੋਹਨਪੋਰਾ (ਜ਼ਿਲ੍ਹਾ ਕੁਲਗਾਮ) ਵਜੋਂ ਹੋਈ ਹੈ। ਸੋਫ਼ੀ ਅਧਿਆਪਕਾ ਰਜਨੀ ਬਾਲਾ ਦੀ ਹੱਤਿਆ ਦੇ ਮਾਮਲੇ ਵਿੱਚ ਸ਼ਾਮਲ ਸੀ। ਦੂਜਾ ਮੁਕਾਬਲਾ ਅਨੰਤਨਾਗ ਜ਼ਿਲ੍ਹਾ ਦੇ ਹੰਗਲਗੁੰਡ ਖੇਤਰ ਵਿੱਚ ਹੋਇਆ, ਜਿੱਥੇ ਦੋ ਅਤਿਵਾਦੀ ਮਾਰੇ ਗਏ। ਇਨ੍ਹਾਂ ਦੀ ਪਛਾਣ ਜੁਨੈਦ ਅਤੇ ਬਾਸਿਤ ਭੱਟ ਵਜੋਂ ਹੋਈ ਹੈ, ਜੋ ਅਤਿਵਾਦੀ ਜਥੇਬੰਦੀ ਹਿਜਬੁਲ ਮੁਜਾਹਿਦੀਨ ਨਾਲ ਜੁੜੇ ਹੋਏ ਸਨ।