ਸ੍ਰੀਨਗਰ, 19 ਜੂਨ
ਜੰਮੂ ਕਸ਼ਮੀਰ ਦੇ ਕੁਪਵਾੜਾ ਤੇ ਕੁਲਗਾਮ ਜ਼ਿਲ੍ਹਿਆਂ ’ਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਵੱਖ ਵੱਖ ਮੁਕਾਬਲਿਆਂ ’ਚ ਚਾਰ ਅਤਿਵਾਦੀ ਮਾਰੇ ਗਏ। ਪੁਲੀਸ ਨੇ ਇਹ ਦੱਸਿਆ ਕਿ ਦੋਵਾਂ ਥਾਵਾਂ ’ਤੇ ਮੁਕਾਬਲੇ ਦੇਰ ਸ਼ਾਮ ਤਕ ਜਾਰੀ ਸਨ।
ਪੁਲੀਸ ਅਨੁਸਾਰ ਕੁਪਵਾੜਾ ਜ਼ਿਲ੍ਹੇ ’ਚ ਮੁਕਾਬਲੇ ’ਚ ਮਾਰੇ ਗਏ ਦੋ ਅਤਿਵਾਦੀਆਂ ’ਚੋਂ ਇੱਕ ਦੀ ਪਛਾਣ ਪਾਕਿਸਤਾਨੀ ਨਾਗਰਿਕ ਵਜੋਂ ਹੋਈ ਹੈ ਜਿਸ ਦਾ ਸਬੰਧ ਲਸ਼ਕਰ-ਏ-ਤਇਬਾ ਨਾਲ ਸੀ ਜਦਕਿ ਦੂਜੇ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਅਤਿਵਾਦੀ ਸ਼ੌਕਤ ਅਹਿਮਦ ਸ਼ੇਖ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਸੁਰੱਖਿਆ ਬਲਾਂ ਵੱਲੋਂ ਕੁਪਵਾੜਾ ਦੇ ਲੋਲਾਬ ਖੇਤਰ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਮਗਰੋਂ ਮੁਕਾਬਲਾ ਸ਼ੁਰੂ ਹੋ ਗਿਆ। ਕਸ਼ਮੀਰ ਜ਼ੋਨ ਦੀ ਪੁਲੀਸ ਨੇ ਟਵੀਟ ਕੀਤਾ ਕਿ ਤਲਾਸ਼ੀ ਮੁਹਿੰਮ ਦੌਰਾਨ ਵੱਖ ਵੱਖ ਥਾਵਾਂ ’ਤੇ ਲੁਕੇ ਅਤਿਵਾਦੀਆਂ ਨੇ ਸੁਰੱਖਿਆ ਕਰਮੀਆਂ ’ਤੇ ਗੋਲੀਆਂ ਚਲਾਈਆਂ ਜਿਸ ’ਤੇ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਇਸ ਮੁਕਾਬਲੇ ’ਚ ਇੱਕ ਅਤਿਵਾਦੀ ਮਾਰਿਆ ਗਿਆ। ਕਸ਼ਮੀਰ ਪੁਲੀਸ ਦੇ ਆਈਜੀ ਵਿਜੈ ਕੁਮਾਰ ਅਨੁਸਾਰ ਇਸ ਮੁਕਾਬਲੇ ’ਚ ਹਲਾਕ ਹੋਏ ਅਤਿਵਾਦੀ ਪਛਾਣ ਪਾਕਿਸਤਾਨੀ ਨਾਗਰਿਕ ਵਜੋਂ ਹੋਈ ਹੈ ਜੋ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤਇਬਾ ਨਾਲ ਸਬੰਧਤ ਸੀ। ਉਨ੍ਹਾਂ ਟਵੀਟ ਕੀਤਾ, ‘ਗ੍ਰਿਫ਼ਤਾਰ ਕੀਤੇ ਗਏ ਅਤਿਵਾਦੀ ਦੇ ਨਾਲ ਨਾਲ ਦੋ-ਤਿੰਨ ਹੋਰ ਅਤਿਵਾਦੀ ਵੀ ਇਸ ਮੁਕਾਬਲੇ ’ਚ ਫਸੇ ਹੋਏ ਹਨ।’ ਬਾਅਦ ਵਿੱਚ ਪੁਲੀਸ ਨੇ ਦੱਸਿਆ ਕਿ ਕੁਪਵਾੜਾ ਮੁਕਾਬਲੇ ’ਚ ਇੱਕ ਹੋਰ ਅਤਿਵਾਦੀ ਹਲਾਕ ਹੋ ਗਿਆ ਹੈ ਅਤੇ ਮੁਕਾਬਲਾ ਅਜੇ ਵੀ ਜਾਰੀ ਹੈ। ਪੁਲੀਸ ਨੇ ਕਿਹਾ ਕਿ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਦਮਹਾਲ ਹਾਂਜੀ ਪੋਰਾ ਇਲਾਕੇ ’ਚ ਜਾਰੀ ਇੱਕ ਹੋਰ ਮੁਕਾਬਲੇ ਦੋ ਅਤਿਵਾਦੀ ਮਾਰੇ ਗਏ ਹਨ। ਪੁਲੀਸ ਦੇ ਆਈਜੀ ਨੇ ਦੱਸਿਆ ਕਿ ਇਨ੍ਹਾਂ ’ਚੋਂ ਇੱਕ ਲਸ਼ਕਰ-ਏ-ਤਇਬਾ ਅਤੇ ਦੂਜਾ ਜੈਸ਼-ਏ-ਮੁਹੰਮਦ ਨਾਲ ਸਬੰਧਤ ਸੀ। ਆਈਜੀ ਨੇ ਟਵੀਟ ਕੀਤਾ, ‘ਮਾਰੇ ਗਏ ਦੋਵਾਂ ਅਤਿਵਾਦੀਆਂ ’ਚੋਂ ਇੱਕ ਦੀ ਪਛਾਣ ਲਸ਼ਕਰ ਨਾਲ ਸਬੰਧਤ ਸ੍ਰੀਨਗਰ ਦੇ ਹੈਰਿਸ ਸ਼ਰੀਫ ਅਤੇ ਦੂਜੇ ਦੀ ਪਛਾਣ ਜੈਸ਼-ਏ-ਮੁਹੰਮਦ ਜ਼ਾਕਿਰ ਪੈਡਰ ਵਜੋਂ ਹੋਈ ਹੈ।’ ਉਨ੍ਹਾਂ ਦੱਸਿਆ ਕਿ ਮੁਕਾਬਲਾ ਅਜੇ ਵੀ ਜਾਰੀ ਹੈ। ਜਿਕਰਯੋਗ ਹੈ ਕਿ ਜੰਮੂ ਕਸ਼ਮੀਰ ਵਿੱਚ ਪਿਛਲੇ ਦਿਨੀਂ ਵੀ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲਿਆਂ ਵਿੱਚ ਕਈ ਅਤਿਵਾਦੀ ਹਲਾਕ ਹੋਏ ਹਨ। -ਪੀਟੀਆਈ