ਸ੍ਰੀਨਗਰ, 13 ਅਗਸਤ
ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸ਼ਨਿਚਰਵਾਰ ਨੂੰ ਅਤਿਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਦ ਸਲਾਹੂਦੀਨ ਦੇ ਪੁੱਤਰ ਸਈਦ ਅਬਦੁਲ ਮੁਈਦ ਅਤੇ ਵੱਖਵਾਦੀ ਆਗੂ ਫਾਰੂਕ ਅਹਿਮਦ ਡਾਰ ਉਰਫ਼ ਬਿੱਟਾ ਕਰਾਟੇ ਦੀ ਪਤਨੀ ਸਮੇਤ ਚਾਰ ਸਰਕਾਰੀ ਕਰਮਚਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚਾਰੇ ਕਰਮਚਾਰੀਆਂ ਨੂੰ ਭਾਰਤ ਖ਼ਿਲਾਫ਼ ਕੰਮ ਵਾਲੀਆਂ ਤਾਕਤਾਂ ਨਾਲ ਕਥਿਤ ਤੌਰ ’ਤੇ ਸੰਪਰਕ ਰੱਖਣ ਅਤੇ ਗੁਮਰਾਹਕੁਨ ਪ੍ਰਚਾਰ ਕਰਨ ਦੇ ਦੋਸ਼ ਹੇਠ ਸੰਵਿਧਾਨ ਦੀ ਧਾਰਾ 311 ਦੇ ਤਹਿਤ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਖ਼ਾਸਤ ਕੀਤਾ ਗਿਆ ਸਲਾਹੂਦੀਨ (ਸਈਦ ਮੁਹੰਮਦ ਯੂਸਫ਼) ਦਾ ਪੁੱਤਰ ਸਈਦ ਅਬਦੁਲ ਮੁਈਦ ਵਣਜ ਅਤੇ ਉਦਯੋਗ ਵਿਭਾਗ ਵਿੱਚ (ਸੂਚਨਾ ਅਤੇ ਤਕਨਾਲੋਜੀ) ਮੈਨੇਜਰ ਸੀ। ਉਹ ਹਿਜ਼ਬੁਲ ਮੁਖੀ ਦਾ ਤੀਜਾ ਪੁੱਤਰ ਹੈ, ਜਿਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਈਦ ਅਹਿਮਦ ਸ਼ਕੀਲ ਅਤੇ ਸ਼ਾਹਿਦ ਯੂਸਫ਼ ਨੂੰ ਪਿਛਲੇ ਸਾਲ ਸੇਵਾਵਾਂ ਤੋਂ ਫਾਰਗ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਫਾਰੂਕ ਅਹਿਮਦ ਡਾਰ ਉਰਫ਼ ਬਿੱਟਾ ਕਰਾਟੇ ਦੀ ਪਤਨੀ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨਿਕ ਸੇਵਾਵਾਂ (ਜੇਕੇਏਐੱਸ) 2011 ਦੇ ਬੈਚ ਦੀ ਅਧਿਕਾਰੀ ਅਸਬਾਹ-ਉਲ-ਅਰਜਮੰਦ ਖ਼ਾਨ ਪਾਸਪੋਰਟ ਲਈ ਗਲਤ ਸੂਚਨਾ ਦੇਣ ਦੇ ਮਾਮਲੇ ਵਿੱਚ ਦੋਸ਼ੀ ਪਾਈ ਗਈ। ਇਸ ਤੋਂ ਇਲਾਵਾ ਉਹ ਕਥਿਤ ਤੌਰ ’ਤੇ ਵਿਦੇਸ਼ੀ ਲੋਕਾਂ ਦੇ ਸੰਪਰਕ ਵਿੱਚ ਸੀ, ਜਿਨ੍ਹਾਂ ਨੂੰ ਭਾਰਤੀ ਸੁਰੱਖਿਆ ਬਲਾਂ ਅਤੇ ਖੁਫ਼ੀਆ ਏਜੰਸੀਆਂ ਵੱਲੋਂ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਏਐੱਸ ਲਈ ਕੰਮ ਕਰਨ ਵਾਲਿਆਂ ਵਿੱਚ ਸੂਚੀਬੱਧ ਕੀਤਾ ਗਿਆ ਹੈ। ਸਰਕਾਰ ਨੇ ਕਸ਼ਮੀਰ ਯੂਨਿਵਰਸਿਟੀ ਵਿੱਚ ਕੰਪਿਊਟਰ ਸਾਇੰਸ ਪੋਸਟ ਗਰੈਜੂਏਟ ਵਿਭਾਗ ’ਚ ਵਿਗਿਆਨੀ ਡਾ. ਮੁਹੀਤ ਅਹਿਮਦ ਭੱਟ ਅਤੇ ਸੀਨੀਅਰ ਅਸਿਸਟੈਂਟ ਪ੍ਰੋਫੈਸਰ ਮਾਜਿਦ ਹੁਸੈਨ ਕਾਦਰੀ ਨੂੰ ਵੀ ਅਤਿਵਾਦੀ ਸੰਗਠਨਾਂ ਨਾਲ ਸਬੰਧਾਂ ਦੇ ਦੋਸ਼ ਹੇਠ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ। -ਪੀਟੀਆਈ