ਨਵੀਂ ਦਿੱਲੀ/ਸੀਤਾਪੁਰ: ਜੇਲ੍ਹ ’ਚ ਬੰਦ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸਾਬਕਾ ਸੰਸਦ ਮੈਂਬਰ ਮੁਹੰਮਦ ਸ਼ਹਾਬੂਦੀਨ ਦੀ ਅੱਜ ਇੱਥੇ ਦੀਨ ਦਿਆਲ ਉਪਾਧਿਆਏ ਹਸਪਤਾਲ ’ਚ ਮੌਤ ਹੋ ਗਈ। ਦਿੱਲੀ ਦੇ ਜੇਲ੍ਹ ਵਿਭਾਗ ਨੇ ਦੱਸਿਆ ਕਿ ਹੱਤਿਆ ਦੇ ਇੱਕ ਕੇਸ ’ਚ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸ਼ਹਾਬੂਦੀਨ ਨੂੰ 20 ਅਪਰੈਲ ਨੂੰ ਹਪਸਤਾਲ ਦਾਖਲ ਕਰਵਾਇਆ ਗਿਆ ਸੀ। ਡਾਇਰੈਕਟਰ ਜਨਰਲ (ਜੇਲ੍ਹਾਂ) ਸੰਦੀਪ ਗੋਇਲ ਨੇ ਦੱਸਿਆ ਕਿ ਦਿੱਲੀ ਜੇਲ੍ਹ ਦੇ ਕੈਦੀ ਮੁਹੰਮਦ ਸ਼ਹਾਬੂਦੀਨ ਦੀ ਮੌਤ ਬਾਰੇ ਹਸਪਤਾਲ ਤੋਂ ਸੂਚਨਾ ਮਿਲੀ ਹੈ। ਉਹ ਕੋਵਿਡ-19 ਤੋਂ ਪੀੜਤ ਸਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਅਤੇ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਸਮੇਤ ਹੋਰ ਬਹੁਤ ਸਾਰੇ ਆਗੂਆਂ ਨੇ ਸ਼ਹਾਬੂਦੀਨ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ