ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਡੇਂਗੂ ਤੋਂ ਪੀੜਤ ਪਾਏ ਗਏ ਹਨ ਪਰ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਏਮਸ ਦੇ ਅਧਿਕਾਰੀਆਂ ਨੇ ਦੱਸਿਆ ਕਿ 89 ਸਾਲਾ ਕਾਂਗਰਸੀ ਆਗੂ ਦੇ ਪਲੇਟਲੈੱਟ ਵਧ ਰਹੇ ਹਨ ਤੇ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਬੁੱਧਵਾਰ ਬੁਖਾਰ ਮਗਰੋਂ ਕਮਜ਼ੋਰੀ ਹੋਣ ’ਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਹ ਕਾਰਡੀਓ-ਨਿਊਰੋ ਕੇਂਦਰ ਵਿਚ ਦਾਖਲ ਹਨ ਤੇ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੀ ਵੀਰਵਾਰ ਸਾਬਕਾ ਪ੍ਰਧਾਨ ਮੰਤਰੀ ਦਾ ਹਾਲ ਜਾਣਨ ਲਈ ਏਮਸ ਗਏ ਸਨ। ਕੇਂਦਰੀ ਮੰਤਰੀ ਆਪਣੇ ਨਾਲ ਇਕ ਫੋਟੋਗ੍ਰਾਫਰ ਨੂੰ ਵੀ ਲੈ ਗਏ ਸਨ ਤੇ ਬਾਅਦ ਵਿਚ ਇਸ ’ਤੇ ਵਿਵਾਦ ਹੋ ਗਿਆ। ਮਨਮੋਹਨ ਸਿੰਘ ਦੀ ਧੀ ਦਮਨ ਸਿੰਘ ਨੇ ਮਾਂਡਵੀਆ ਦੀ ਇਸ ਲਈ ਨਿਖੇਧੀ ਕੀਤੀ ਸੀ। -ਪੀਟੀਆਈ