ਨਵੀਂ ਦਿੱਲੀ, 25 ਜੁਲਾਈ
ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਿੱਲੀ ਵਿੱਚ ਜਨਪਥ ਰੋਡ ਸਥਿਤ ਆਪਣੀ ਨਵੀਂ ਰਿਹਾਇਸ਼ ਵਿੱਚ ਤਬਦੀਲ ਹੋ ਗਏ ਹਨ। ਉਨ੍ਹਾਂ ਨੂੰ ਜਨਪਥ ਰੋਡ ’ਤੇ 12 ਨੰਬਰ ਬੰਗਲਾ ਅਲਾਟ ਹੋਇਆ ਹੈ, ਜਿੱਥੇ ਕਦੇ ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਰਹਿੰਦੇ ਸਨ। ਸਾਲ 2020 ਵਿੱਚ ਅਕਾਲ ਚਲਾਣੇ ਤਕ ਪਾਸਵਾਨ ਇਸੇ ਬੰਗਲੇ ਵਿੱਚ ਰਹੇ। ਸਰਕਾਰੀ ਨੋਟਿਸ ਮਿਲਣ ਮਗਰੋਂ ਸਾਬਕਾ ਕੇਂਦਰੀ ਮੰਤਰੀ ਦੇ ਪੁੱਤਰ ਚਿਰਾਗ ਪਾਸਵਾਨ ਨੇ ਅਪਰੈਲ ਮਹੀਨੇ ਰਿਹਾਇਸ਼ ਖਾਲੀ ਕੀਤੀ ਸੀ। ਸ੍ਰੀ ਕੋਵਿੰਦ ਦਾ ਇਸ ਨਵੀਂ ਰਿਹਾਇਸ਼ ’ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ, ਕੇਂਦਰੀ ਮੰਤਰੀਆਂ ਹਰਦੀਪ ਪੁਰੀ, ਵੀ.ਕੇ.ਸਿੰਘ ਨੇ ਸਵਾਗਤ ਕੀਤਾ। ਰਾਸ਼ਟਰਪਤੀ ਦਰੋਪਦੀ ਮੁਰਮੂ ਵੀ ਇਸ ਮੌਕੇ ਸ੍ਰੀ ਕੋਵਿੰਦ ਨਾਲ ਮੌਜੂਦ ਸਨ। ਦੱਸ ਦੇਈਏ ਕਿ ਸਾਬਕਾ ਰਾਸ਼ਟਰਪਤੀ ਦੀ ਇਸ ਸਰਕਾਰੀ ਰਿਹਾਇਸ਼ ਦੇ ਨਾਲ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ਹੈ। ਸ੍ਰੀਮਤੀ ਗਾਂਧੀ 10 ਜਨਪਥ ਵਿੱਚ ਰਹਿੰਦੇ ਹਨ। -ਪੀਟੀਆਈ