ਨਵੀਂ ਦਿੱਲੀ, 19 ਮਈ
ਐਨਐੱਸਜੀ ਦੇ ਸਾਬਕਾ ਡੀਜੀ ਜੇ.ਕੇ. ਦੱਤ ਜਿਨ੍ਹਾਂ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਦੌਰਾਨ ਕਮਾਂਡੋ ਫੋਰਸ ਦੀ ਅਗਵਾਈ ਕੀਤੀ ਸੀ, ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ 72 ਵਰ੍ਹਿਆਂ ਦੇ ਸਨ ਤੇ ਕੋਵਿਡ ਨਾਲ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਸੇਵਾਮੁਕਤ ਆਈਪੀਐੱਸ ਅਧਿਕਾਰੀ ਨੂੰ 14 ਅਪਰੈਲ ਨੂੰ ਗੁੜਗਾਓਂ ਦੇ ਮੇਦਾਂਤਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਸਰੀਰ ਵਿਚ ਆਕਸੀਜਨ ਦਾ ਪੱਧਰ ਘੱਟ ਗਿਆ ਸੀ। ਅੱਜ ਦੁਪਹਿਰ ਬਾਅਦ 3.30 ’ਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਦੱਤ ਦੇ ਪਰਿਵਾਰ ਵਿਚ ਪਤਨੀ, ਇਕ ਬੇਟਾ ਤੇ ਇਕ ਧੀ ਹੈ। 1971 ਬੈਚ ਦੇ ਆਈਪੀਐੱਸ ਅਧਿਕਾਰੀ ਦੱਤ ਪੱਛਮੀ ਬੰਗਾਲ ਕੇਡਰ ਦੇ ਸਨ। ਐਨਐੱਸਜੀ ਤੋਂ ਇਲਾਵਾ ਉਨ੍ਹਾਂ ਸੀਬੀਆਈ ਤੇ ਸੀਆਈਐੱਸਐਫ ਵਿਚ ਵੀ ਸੇਵਾਵਾਂ ਦਿੱਤੀਆਂ। ਐਨਐੱਸਜੀ ਨੇ ਟਵੀਟ ਕਰ ਕੇ ਦੱਤ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ ਹੈ। -ਪੀਟੀਆਈ