ਨਵੀਂ ਦਿੱਲੀ, 7 ਸਤੰਬਰ
ਦਿੱਲੀ ਦੀ ਕੋਰਟ ਨੇ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦੇ ਸਾਬਕਾ ਐੱਮਡੀ ਤੇ ਸੀਈਓ ਰਵੀ ਨਰਾਇਣ ਨੂੰ ਅੱਜ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਦੋ ਦਿਨਾ ਹਿਰਾਸਤ ਵਿੱਚ ਭੇਜ ਦਿੱਤਾ ਹੈ। ਈਡੀ ਨੇ ਨਰਾਇਣ ਨੂੰ ਸਟਾਕ ਐਕਸਚੇਂਜ ਮੁਲਾਜ਼ਮਾਂ ਦੀ ਕਥਿਤ ਜਾਸੂਸੀ ਤੇ ਗੈਰਕਾਨੂੰਨੀ ਤਰੀਕੇ ਨਾਲ ਫੋਨ ਟੈਪ ਕਰਨ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਲੰਘੇ ਦਿਨ ਗ੍ਰਿਫ਼ਤਾਰ ਕੀਤਾ ਸੀ। ਸੰਘੀ ਜਾਂਚ ਏਜੰਸੀ ਨੇ ਮੁਲਜ਼ਮ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ, ਜਿੱਥੇ ਵਿਸ਼ੇਸ਼ ਜੱਜ ਸੁਨੇਹਾ ਸ਼ਰਮਾ ਨੇ ਨਰਾਇਣ ਨੂੰ 9 ਸਤੰਬਰ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ। ਏਜੰਸੀ ਦੇ ਵਿਸ਼ੇਸ਼ ਸਰਕਾਰੀ ਵਕੀਲ ਐੱਨ.ਕੇ.ਮੱਤਾ ਨੇ ਕੋਰਟ ਨੂੰ ਦੱਸਿਆ ਕਿ ਇਸ ਕੇਸ ਪਿਛਲੀ ਵਡੇਰੀ ਸਾਜ਼ਿਸ਼ ਤੋਂ ਪਰਦਾ ਚੁੱਕਣ ਲਈ ਨਰਾਇਣ ਨੂੰ ਹੋਰਨਾਂ ਮੁਲਜ਼ਮਾਂ ਦੇ ਸਾਹਮਣੇ ਬਿਠਾ ਕੇ ਪੁੱਛ-ਪੜਤਾਲ ਕਰਨ ਦੀ ਲੋੜ ਹੈ। ਨਰਾਇਣ ਅਪਰੈਲ 1994 ਤੋਂ 31 ਮਾਰਚ 2013 ਦੇ ਅਰਸੇ ਦੌਰਾਨ ਐੱਨਐੱਸਈ ਦਾ ਐੱਮਡੀ ਤੇ ਸੀਈਓ ਸੀ। ਇਸ ਮਗਰੋਂ ਉਸ ਨੂੰ ਪਹਿਲੀ ਅਪਰੈਲ 2013 ਤੋਂ ਪਹਿਲੀ ਜੂਨ 2017 ਦੇ ਅਰਸੇ ਲਈ ਕੰਪਨੀ ਦੇ ਬੋਰਡ ਵਿੱਚ ਗੈਰ-ਕਾਰਜਕਾਰੀ ਵਰਗ ’ਚ ਉਪ-ਚੇਅਰਮੈਨ ਥਾਪਿਆ ਗਿਆ ਸੀ। ਈਡੀ ਨੇ ਇਸ ਸਾਲ ਜੁਲਾਈ ਵਿੱਚ ਮੁੰਬਈ ਪੁਲੀਸ ਦੇ ਸਾਬਕਾ ਕਮਿਸ਼ਨਰ ਸੰਜੈ ਪਾਂਡੇ ਤੇ ਐੱਨਐੱਸਈ ਦੇ ਸਾਬਕਾ ਮੁਖੀਆਂ ਖਿਲਾਫ਼ 2009 ਤੋਂ 2017 ਦੇ ਅਰਸੇ ਦੌਰਾਨ ਸਟਾਕ ਐਕਸਚੇਂਜ ਮੁਲਾਜ਼ਮਾਂ ਦੇ ਕਥਿਤ ਫੋਨ ਟੈਪ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਸੀ। -ਪੀਟੀਆਈ