ਨਵੀਂ ਦਿੱਲੀ, 1 ਅਗਸਤ
ਸੁਪਰੀਮ ਕੋਰਟ ਨੇ ਕਾਰੋਬਾਰੀ ਤੇ ਸਾਬਕਾ ਆਈਪੀਐੱਲ ਮੁਖੀ ਲਲਿਤ ਮੋਦੀ ਅਤੇ ਉਸ ਦੀ ਮਾਂ ਬੀਨਾ ਮੋਦੀ ਵਿਚਾਲੇ ਚੱਲਦੇ ਪਰਿਵਾਰਕ ਸੰਪਤੀ ਵਿਵਾਦ ਦੇ ਨਬਿੇੜੇ ਲਈ ਆਪਣੀ ਹੀ ਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਆਰ.ਵੀ.ਰਵੀਂਦਰਨ ਨੂੰ ਸਾਲਸ ਨਿਯੁਕਤ ਕੀਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਪੇਸ਼ ਵਕੀਲਾਂ ਨੇ ਸਹਿਮਤੀ ਦਿੱਤੀ ਹੈ ਕਿ ਉਹ ਸਾਲਸ ਰਾਹੀਂ ਮਸਲੇ ਦੇ ਹੱਲ ਲਈ ਕੋਈ ਅਗਾਊਂ ਸਰਤ ਨਹੀਂ ਰੱਖਣਗੇ ਤੇ ਖੁੱਲ੍ਹੇ ਦਿਮਾਗ ਨਾਲ ਇਸ ਅਮਲ ਵਿੱਚ ਸ਼ਾਮਲ ਹੋਣਗੇ। ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਨੇ ਕਿਹਾ, ‘‘…ਸਾਨੂੰ ਵੀ ਇਹ ਲੱਗਦਾ ਹੈ ਕਿ ਇਸ ਮੁੱਦੇ ਨੂੰ ਵਿਚੋਲਗੀ ਰਾਹੀਂ ਹੱਲ ਕੀਤਾ ਜਾ ਸਕਦਾ ਹੈ।’’ ਬੈਂਚ, ਜਿਸ ਵਿੱਚ ਜਸਟਿਸ ਕ੍ਰਿਸ਼ਨਾ ਮੁਰਾਰੀ ਤੇ ਜਸਟਿਸ ਹਿਮਾ ਕੋਹਲੀ ਵੀ ਸ਼ਾਮਲ ਸਨ, ਨੇ ਕਿਹਾ, ‘‘ਲਿਹਾਜ਼ਾ ਅਸੀਂ ਇਸ ਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਆਰ.ਵੀ.ਰਵੀਂਦਰਨ ਨੂੰ ਮਸਲੇ ਦੇ ਨਬਿੇੜੇ ਲਈ ਸਾਲਸ ਨਿਯੁਕਤ ਕਰਦੇ ਹਾਂ।’’ ਬੈਂਚ ਨੇ ਸਬੰਧਤ ਧਿਰਾਂ ਨੂੰ ਵਿਚੋਲਗੀ ਦੇ ਅਮਲ ਦੌਰਾਨ ਭੇਤ ਬਣਾ ਕੇ ਰੱਖਣ ਲਈ ਕਿਹਾ ਹੈ। -ਪੀਟੀਆਈ