ਪਟਨਾ, 3 ਜੁਲਾਈ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂਨਾਈਟਿਡ (ਜੇਡੀਯੂ) ਵੱਲੋਂ ਦੋ ਵਾਰ ਵਿਧਾਇਕ ਰਹੇ ਮਹੇਸ਼ਵਰ ਸਿੰਘ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਵਿੱਚ ਸ਼ਾਮਲ ਹੋ ਗਏ ਹਨ। ਆਰਜੇਡੀ ਨੇ ਦਾਅਵਾ ਕੀਤਾ ਕਿ ਮਹੇਸ਼ਵਰ ਸਿੰਘ ਦੀ ਸ਼ਮੂਲੀਅਤ ਨਾਲ ਪਾਰਟੀ ਮਜ਼ਬੂਤ ਹੋਈ ਹੈ।
ਮਹੇਸ਼ਵਰ ਸਿੰਘ ਨੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਦੀ ਹਾਜ਼ਰੀ ’ਚ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਹਾਸਲ ਕੀਤੀ। ਉਨ੍ਹਾਂ ਦਾਅਵਾ ਕੀਤਾ, ‘ਭਾਰੀ ਦਬਾਅ ਦੇ ਬਾਵਜੂੁਦ ਉਹ ਐੱਨਡੀਏ ਵਿੱਚੋਂ ਬਾਹਰ ਆ ਗਏ ਹਨ’। ਇਸ ਮੌਕੇ ਪੂਰਬੀ ਚੰਪਾਰਨ ਤੋਂ ਉਨ੍ਹਾਂ ਦੇ ਕਈ ਸਮਰਥਕ ਵੀ ਵਰਚੁਅਲ ਸਮਾਗਮ ਰਾਹੀਂ ਆਰਜੇਡੀ ’ਚ ਸ਼ਾਮਲ ਹੋ ਗਏ। ਮਹੇਸ਼ਵਰ ਸਿੰਘ ਦਾ ਸਵਾਗਤ ਕਰਦਿਆਂ ਤੇਜਸਵੀ ਯਾਦਵ ਨੇ ਉਨ੍ਹਾਂ ਨਾਲ ਪੁਰਾਣੇ ਸਬੰਧਾਂ ਨੂੰ ਯਾਦ ਕੀਤਾ। ਤੇਜਸਵੀ ਨੇ ਦਾਅਵਾ ਕੀਤਾ ਕਿ ਜੇਡੀਯੂ ਅਤੇ ਭਾਜਪਾ ਦੇ ਕਈ ਨੇਤਾ ਉਨ੍ਹਾਂ ਦੇ ਸੰਪਰਕ ’ਚ ਹਨ ਪਰ ਮੁੱਖ ਮੰਤਰੀ ਦੀ ਪਾਰਟੀ ਦੇ ਹੋਰ ਸਾਬਕਾ ਵਿਧਾਇਕ ਮਨਜੀਤ ਸਿੰਘ ਦੇ ਸਵਾਲ ’ਤੇ ਉਹ ਬਚਦੇ ਨਜ਼ਰ ਆਏ। ਮਨਜੀਤ ਸਿੰਘ ਹਾਲ ’ਚ ਹੀ ਆਰਜੇਡੀ ਦੇ ਇੱਕ ਨੇਤਾ ਨੂੰ ਮਿਲੇ ਸਨ, ਜਿਸ ਮਗਰੋਂ ਉਨ੍ਹਾਂ ਦੇ ਪਾਰਟੀ ਬਦਲਣ ਦੇ ਕਿਆਫ਼ੇ ਲੱਗ ਰਹੇ ਸਨ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਤੇਜਸਵੀ ਨੇ ਕਿਹਾ, ‘ਇਹ ਮੇਰਾ ਮੁਲਾਂਕਣ ਨਹੀਂ ਹੈ ਕਿ ਇਹ ਸਰਕਾਰ ਡਿੱਗੇਗੀ ਬਲਕਿ ਸੂਬੇ ਦੇ ਲੋਕ ਇਹ ਚਾਹੁੰਦੇ ਹਨ ਕਿ ਅਸੀਂ ਇਸ ਨੂੰ ਪਾਸੇ ਕਰੀਏ।’ ਉਨ੍ਹਾਂ ਕਿਹਾ, ‘ਇਸ ਦਾ ਕਾਰਨ ਇਹ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੀ ਜਨਤਾ ਦੀਆਂ ਭਾਵਨਾਵਾਂ ਸਾਡੇ ਮਹਾਗੱਠਜੋੜ ਦੇ ਨਾਲ ਸਨ। ਪਰ ਐੱਨਡੀਏ ਨੂੰ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਬਹੁਮਤ ਮਿਲਿਆ।’ -ਪੀਟੀਆਈ