ਪਣਜੀ, 18 ਨਵੰਬਰ
ਗੋਆ ਦੀ ਸਾਬਕਾ ਰਾਜਪਾਲ, ਸੀਨੀਅਰ ਭਾਜਪਾ ਆਗੂ ਅਤੇ ਮਸ਼ਹੂਰ ਲੇਖਿਕਾ ਮ੍ਰਿਦੁਲਾ ਸਿਨਹਾ ਦਾ ਅੱਜ ਊਨ੍ਹਾਂ ਦੇ 78ਵੇਂ ਜਨਮ ਦਿਨ ਤੋਂ ਕੁਝ ਦਿਨ ਪਹਿਲਾਂ, ਦੇਹਾਂਤ ਹੋ ਗਿਆ। ਮ੍ਰਿਦੁਲਾ ਸਿਨਹਾ ਜੋ ਬਿਹਾਰ ਦੇ ਮੁਜ਼ੱਫਰਪੁਰ ਦੀ ਰਹਿਣ ਵਾਲੀ ਸੀ, ਨੇ 2014 ਤੋਂ 2019 ਤੱਕ ਗੋਆ ਦੇ ਰਾਜਪਾਲ ਵਜੋਂ ਸੇਵਾ ਨਿਭਾਈ। ਉਹ ਇਸ ਰਾਜ ਦੀ ਪਹਿਲੀ ਮਹਿਲਾ ਰਾਜਪਾਲ ਸਨ। ਉਨ੍ਹਾਂ ਨੂੰ ਸਾਲ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਕੇਂਦਰ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਦਾ ਬਰਾਂਡ ਅੰਬੈਸਡਰ ਵੀ ਨਿਯੁਕਤ ਕੀਤਾ ਗਿਆ ਸੀ। ਮ੍ਰਿਦੁਲਾ ਸਿਨਹਾ ਦੀ ਮੌਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅਤੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। -ਆਈਏਐੱਨਐੱਸ