ਪੋਰਟ ਬਲੇਅਰ/ਕੋਲਕਾਤਾ, 28 ਅਕਤੂਬਰ
ਸਮੂਹਿਕ ਜਬਰ-ਜਨਾਹ ਦੇ ਦੋਸ਼ਾਂ ਹੇਠ ਘਿਰੇ ਅੰਡੇਮਾਨ ਅਤੇ ਨਿਕੋਬਾਰ ਦੇ ਸਾਬਕਾ ਮੁੱਖ ਸਕੱਤਰ ਜਿਤੇਂਦਰ ਨਾਰਾਇਣ ਅੱਜ ਵਿਸ਼ੇਸ਼ ਜਾਂਚ ਟੀਮ (ਸਿਟ) ਅੱਗੇ ਪੇਸ਼ ਹੋਏ। ਉਨ੍ਹਾਂ ਤੋਂ ਮਹਿਲਾ ਨਾਲ ਜਬਰ-ਜਨਾਹ ਦੇ ਲੱਗੇ ਦੋਸ਼ਾਂ ਬਾਰੇ ਪੁੱਛ-ਪੜਤਾਲ ਕੀਤੀ ਗਈ। ਨਾਰਾਇਣ ਨੂੰ ਪ੍ਰਦਰਸ਼ਨਕਾਰੀਆਂ ਤੋਂ ਬਚਾਅ ਕੇ ਪਿਛਲੇ ਦਰਵਾਜ਼ੇ ਰਾਹੀਂ ਪੁਲੀਸ ਲਾਈਨਜ਼ ’ਚ ਲਿਆਂਦਾ ਗਿਆ। ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਨਾਰਾਇਣ ਨੇ ਮਹਿਲਾ ਖ਼ਿਲਾਫ਼ ਜੁਰਮ ਕੀਤਾ ਹੈ ਉਹ ਉਸ ਨੂੰ ਇਨਸਾਫ਼ ਦਿਵਾਉਣ ਲਈ ਉਹ ਇਥੇ ਇਕੱਠੇ ਹੋਏ ਹਨ।
ਕਲਕੱਤਾ ਹਾਈ ਕੋਰਟ ਦੇ ਹੁਕਮਾਂ ਮਗਰੋਂ ਨਾਰਾਇਣ ਇਥੇ ਭਾਰੀ ਸੁਰੱਖਿਆ ਹੇਠ ਹਵਾਈ ਅੱਡੇ ’ਤੇ ਪੁੱਜਿਆ। ਉਸ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਇਕ ਮਹਿਲਾ ਨੇ ਨਾਰਾਇਣ ਅਤੇ ਹੋਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਰਕਾਰੀ ਨੌਕਰੀ ਦਾ ਵਾਅਦਾ ਕਰਕੇ ਉਸ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ ਗਿਆ। ਨਾਰਾਇਣ ਨੂੰ ਗ੍ਰਿਫ਼ਤਾਰੀ ਤੋਂ 14 ਨਵੰਬਰ ਤੱਕ ਰਾਹਤ ਮਿਲੀ ਹੋਈ ਹੈ। ਅੰਡੇਮਾਨ ਤੇ ਨਿਕੋਬਾਰ ਅਤੇ ਦਿੱਲੀ ਦੇ ਪੁਲੀਸ ਅਧਿਕਾਰੀਆਂ ਦੀ ਸਾਂਝੀ ਟੀਮ ਨੇ ਨਾਰਾਇਣ ਦੇ ਘਰ ’ਤੇ 18 ਅਕਤੂਬਰ ਨੂੰ ਛਾਪਾ ਮਾਰਿਆ ਸੀ ਜਿਸ ਮਗਰੋਂ ਉਸ ਨੇ ਦਿੱਲੀ ਹਾਈ ਕੋਰਟ ਕੋਲ ਟਰਾਂਜ਼ਿਟ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ।
ਦਿੱਲੀ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਉਸ ਨੂੰ 28 ਅਕਤੂਬਰ ਤੱਕ ਗ੍ਰਿਫ਼ਤਾਰੀ ਤੋਂ ਰਾਹਤ ਦਿੱਤੀ ਸੀ। ਇਸ ਮਗਰੋਂ ਨਾਰਾਇਣ ਨੇ ਕਲਕੱਤਾ ਹਾਈ ਕੋਰਟ ਕੋਲ ਅਰਜ਼ੀ ਦਾਖ਼ਲ ਕਰਕੇ ਗ੍ਰਿਫ਼ਤਾਰੀ ਤੋਂ ਰਾਹਤ ਲਈ ਸੀ। -ਪੀਟੀਆਈ