ਨਵੀਂ ਦਿੱਲੀ, 30 ਅਪਰੈਲ
ਉੱਘੇ ਵਕੀਲ ਅਤੇ ਸਾਬਕਾ ਅਟਾਰਨੀ ਜਨਰਲ ਸੋਲੀ ਸੋਰਾਬਜੀ (91) ਦਾ ਅੱਜ ਇਥੇ ਕਰੋਨਾ ਕਾਰਨ ਦੇਹਾਂਤ ਹੋ ਗਿਆ। ਕੇਸ਼ਵਾਨੰਦ ਭਾਰਤੀ ਅਤੇ ਐੱਸ ਆਰ ਬੋਮਈ ਵਰਗੇ ਕਈ ਇਤਿਹਾਸਕ ਕੇਸ ਲੜਨ ਲਈ ਮਸ਼ਹੂਰ ਸ੍ਰੀ ਸੋਰਾਬਜੀ ਦੇ ਪਰਿਵਾਰ ’ਚ ਪਤਨੀ, ਇਕ ਧੀ ਅਤੇ ਦੋ ਬੇਟੇ ਹਨ। ਪਦਮ ਵਿਭੂਸ਼ਣ ਸੋਲੀ ਸੋਰਾਬਜੀ ਵੀ ਪੀ ਸਿੰਘ ਦੀ ਸਰਕਾਰ ਸਮੇਂ 1989-90 ਅਤੇ ਫਿਰ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ 1998-2004 ਤੱਕ ਭਾਰਤ ਦੇ ਅਟਾਰਨੀ ਜਨਰਲ ਰਹੇ। ਉਨ੍ਹਾਂ ਸਿੱਖ ਕਤਲੇਆਮ ਦੇ ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੀ ਸਿਟੀਜ਼ਨਜ਼ ਜਸਟਿਸ ਕਮੇਟੀ ਲਈ ਵੀ ਕੰਮ ਕੀਤਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਫ਼ ਜਸਟਿਸ ਐੱਨ ਵੀ ਰਾਮੰਨਾ, ਕਾਂਗਰਸ ਆਗੂ ਰਾਹੁਲ ਗਾਂਧੀ, ਐੱਨਸੀਪੀ ਮੁਖੀ ਸ਼ਰਦ ਪਵਾਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਹੋਰਾਂ ਨੇ ਸੋਲੀ ਸੋਰਾਬਜੀ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟਾਇਆ ਹੈ।
ਸੰਵਿਧਾਨਕ ਕਾਨੂੰਨ ਦੇ ਬਿਹਤਰੀਨ ਮਾਹਿਰਾਂ ’ਚੋਂ ਇਕ ਮੰਨੇ ਜਾਂਦੇ ਸੋਰਾਬਜੀ ਨੇ ਕਾਨੂੰਨ, ਪ੍ਰੈੱਸ ਸੈਂਸਰਸ਼ਿਪ ਅਤੇ ਐਮਰਜੈਂਸੀ ਬਾਰੇ ਕਈ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਮਨੁੱਖੀ ਅਤੇ ਬੁਨਿਆਦੀ ਹੱਕਾਂ ਦੀ ਉਲੰਘਣਾ ਖ਼ਿਲਾਫ਼ ਕਈ ਕੇਸਾਂ ’ਚ ਨੁਮਾਇੰਦਗੀ ਕੀਤੀ। ਸਾਲ 2015 ’ਚ ਸ਼੍ਰੇਆ ਸਿੰਘਲ ਕੇਸ ’ਚ ਸੁਪਰੀਮ ਕੋਰਟ ਨੇ ਉਨ੍ਹਾਂ ਦੀਆਂ ਦਲੀਲਾਂ ’ਤੇ ਸਹਿਮਤੀ ਜਤਾਉਂਦਿਆਂ ਆਨਲਾਈਨ ਬੋਲਣ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਰੋਕ ਸਬੰਧੀ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ ’ਤੇ ਲਕੀਰ ਮਾਰ ਦਿੱਤੀ ਸੀ। ਸ੍ਰੀ ਵਾਜਪਾਈ ਦੇ ਕਰੀਬੀ ਸਮਝੇ ਜਾਂਦੇ ਸੋਰਾਬਜੀ ਨੇ ਕੌਮਾਂਤਰੀ ਨਿਆਂ ਅਦਾਲਤ ’ਚ ਭਾਰਤ ਵੱਲੋਂ ਕੇਸ ਲੜਿਆ ਸੀ ਜਿਸ ’ਚ ਪਾਕਿਸਤਾਨ ਨੇ ਕਾਰਗਿਲ ਜੰਗ ਦੌਰਾਨ ਉਨ੍ਹਾਂ ਦੇ ਜਲ ਸੈਨਾ ਗਸ਼ਤੀ ਜਹਾਜ਼ ਨੂੰ ਡੇਗਣ ਲਈ ਮੁਆਵਜ਼ਾ ਮੰਗਿਆ ਸੀ। ਕੌਮਾਂਤਰੀ ਅਦਾਲਤ ਨੇ ਸੋਰਾਬਜੀ ਦੀਆਂ ਦਲੀਲਾਂ ਦਾ ਨੋਟਿਸ ਲੈਂਦਿਆਂ ਪਾਕਿਸਤਾਨ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਸੀ। ਪਾਰਸੀ ਪਰਿਵਾਰ ’ਚ 1930 ’ਚ ਜਨਮੇ ਸ੍ਰੀ ਸੋਰਾਬਜੀ 1953 ’ਚ ਬਾਰ ’ਚ ਸ਼ਾਮਲ ਹੋਏ ਸਨ ਅਤੇ 1971 ’ਚ ਉਹ ਬੰਬੇ ਹਾਈ ਕੋਰਟ ਦੇ ਸੀਨੀਅਰ ਵਕੀਲ ਨਾਮਜ਼ਦ ਹੋਏ ਸਨ। ਸ੍ਰੀ ਸੋਰਾਬਜੀ ਨੇ ਕੇਸ਼ਵਾਨੰਦ ਭਾਰਤੀ ਮਾਮਲੇ ਅਤੇ ਸੂਬਿਆਂ ’ਚ ਰਾਸ਼ਟਰਪਤੀ ਰਾਜ ਲਗਾਉਣ ਨਾਲ ਸਬੰਧਤ ਐੱਸ ਆਰ ਬੋਮਈ ਕੇਸਾਂ ਸਮੇਤ ਕਈ ਅਹਿਮ ਮੁਕੱਦਮਿਆਂ ’ਚ ਪੈਰਵੀ ਕੀਤੀ ਸੀ। -ਪੀਟੀਆਈ