ਅਮਰਾਵਤੀ, 17 ਅਗਸਤ
ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਅੱਜ ਰਾਜ ਦੀ ਮੌਜੂਦਾ ਵਾਈਐੱਸਆਰ-ਕਾਂਗਰਸ ਸਰਕਾਰ ’ਤੇ ਆਪਣੇ ਸਿਆਸੀ ਲਾਹੇ ਲਈ ਗੈਰ-ਕਾਨੂੰਨੀ ਤੌਰ ’ਤੇ ਫੋਨ ਟੈਪ ਕਰਨ ਦੇ ਦੋਸ਼ ਲਗਾਏ ਹਨ। ਸ੍ਰੀ ਨਾਇਡੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਦਰਖ਼ਾਸਤ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਰੋਕਣ ਲਈ ਸਮਰੱਥ ਸੰਸਥਾ ਤੋਂ ਜਾਂਚ ਕਰਵਾਉਣ ਸਬੰਧੀ ਹੁਕਮ ਜਾਰੀ ਕੀਤੇ ਜਾਣ। ਉਨ੍ਹਾਂ ਦੋਸ਼ ਲਗਾਇਆ ਕਿ ਵਾਈਐੱਸਆਰ ਵੱਲੋਂ ਵਿਰੋਧੀ ਪਾਰਟੀਆਂ, ਵਕੀਲਾਂ, ਮੀਡੀਆ ਕਰਮੀਆਂ ਤੇ ਸਮਾਜਿਕ ਕਾਰਕੁਨਾਂ ਦੇ ਫੋਨ ਟੈਪ ਕੀਤੇ ਜਾ ਰਹੇ ਹਨ। ਪੱਤਰ ਦੀ ਕਾਪੀ ਕੇਂਦਰੀ ਸੰਚਾਰ ਤੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਵੀ ਭੇਜੀ ਗਈ ਹੈ। ਸ੍ਰੀ ਨਾਇਡੂ ਨੇ ਕਿਹਾ, ‘‘ਅਜਿਹਾ ਲੱਗਦਾ ਹੈ ਕਿ ਵਾਈਐੱਸਆਰ-ਕਾਂਗਰਸ ਹੁਣ ਲੋਕਤੰਤਰ ਦੇ ਤੀਜੇ ਥੰਮ੍ਹ ਨਿਆਂ ਪ੍ਰਣਾਲੀ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ।’’
-ਪੀਟੀਆਈ