ਗੁਰੂਗ੍ਰਾਮ: ਸਥਾਨਕ ਅਦਾਲਤ ਨੇ 2015 ’ਚ ਗ਼ੈਰਕਾਨੂੰਨੀ ਕਬਜ਼ੇ ਹਟਾਉਣ ਲਈ ਗਈ ਟੀਮ ’ਤੇ ਹਮਲਾ ਕਰਨ ਦੇ ਦੋਸ਼ ਹੇਠ ‘ਆਪ’ ਦੀ ਸਾਬਕਾ ਕੌਂਸਲਰ ਸਮੇਤ 17 ਵਿਅਕਤੀਆਂ ਨੂੰ ਸੱਤ ਤੋਂ 10 ਸਾਲ ਤੱਕ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ’ਚੋਂ 10 ਨੂੰ ਸੱਤ ਅਤੇ ਸੱਤ ਨੂੰ 10 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ (ਹੁੱਡਾ) ਦੀ ਟੀਮ ’ਤੇ 15 ਮਈ, 2015 ’ਚ ਸੈਕਟਰ-47 ਦੀ ਝੀਮਰ ਬਸਤੀ ’ਚ ਪਥਰਾਅ ਤੋਂ ਇਲਾਵਾ ਪੁਲੀਸ ਟੀਮਾਂ ’ਤੇ ਪੈਟਰੋਲ ਬੰਬਾਂ ਅਤੇ ਐੱਲਪੀਜੀ ਸਿਲੰਡਰਾਂ ਨਾਲ ਹਮਲੇ ਕੀਤੇ ਗਏ ਸਨ ਜਿਸ ’ਚ ਇਕ ਡਿਊਟੀ ਮੈਜਿਸਟਰੇਟ ਅਤੇ 15 ਪੁਲੀਸ ਕਰਮੀ ਜ਼ਖ਼ਮੀ ਹੋ ਗਏ ਸਨ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੋਨਾ ਸਿੰਘ ਨੇ ਵੀਰਵਾਰ ਨੂੰ 10 ਮਹਿਲਾਵਾਂ ਸਮੇਤ 17 ਵਿਅਕਤੀਆਂ ਨੂੰ ਜੁਰਮਾਨਾ ਵੀ ਕੀਤਾ ਹੈ। ਅਦਾਲਤ ਨੇ ‘ਆਪ’ ਦੀ ਸਾਬਕਾ ਕੌਂਸਲਰ ਨਿਸ਼ਾ ਸਿੰਘ ਸਮੇਤ 10 ਮਹਿਲਾਵਾਂ ’ਤੇ 10-10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ ਜਦਕਿ ਹੋਰਾਂ ਨੂੰ 20 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। -ਪੀਟੀਆਈ