ਨਾਵਲ ‘ਜਾਂਬਾਜ਼’ ਲੋਕ ਅਰਪਣ
ਹਰਜੀਤ ਲਸਾੜਾ
ਬ੍ਰਿਸਬੇਨ, 6 ਸਤੰਬਰ
ਪੰਜਾਬੀ ਸਾਹਿਤ ਦੇ ਪਸਾਰ ਲਈ ਯਤਨਸ਼ੀਲ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਬੀਤੇ ਦਿਨੀਂ ਸਭਾ ਦੀ ਨਵੀਂ ਕਾਰਜਕਰਨੀ ਕਮੇਟੀ ਦੀ ਚੋਣ ਲੋਕਤੰਤਰੀ ਢੰਗ ਨਾਲ ਕੀਤੀ ਗਈ ਅਤੇ ਪਿਛਲੇ ਸਾਲ ਦੀਆਂ ਕੀਤੀਆਂ ਗਤੀਵਿਧੀਆਂ ਨੂੰ ਵਿਚਾਰਦਿਆਂ ਭਵਿੱਖ ਲਈ ਨਵੇਂ ਕਾਰਜਾਂ ਨੂੰ ਉਲੀਕਿਆ ਗਿਆ। ਸਭਾ ਦੀ ਨਵੀਂ ਕਾਰਜਕਾਰਨੀ ਕਮੇਟੀ ਵਿੱਚ ਵਰਿੰਦਰ ਅਲੀਸ਼ੇਰ (ਤਾਸਮਨ ਐਡੀਟਰ ਬੋਰਡ ਮੈਂਬਰ) ਨੂੰ ਸਭਾ ਦਾ ਪ੍ਰਧਾਨ ਅਤੇ ਨੌਜਵਾਨ ਲੇਖਕ ਪਰਮਿੰਦਰ ਸਿੰਘ ਨੂੰ ਜਨਰਲ ਸਕੱਤਰ ਵਜੋਂ ਸੇਵਾ ਨਿਭਾਉਣ ਲਈ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਕਮੇਟੀ ਵਿੱਚ ਮਨ ਖਹਿਰਾ ਨੂੰ ਤਰਜਮਾਨ, ਕਹਾਣੀਕਾਰ ਜਗਜੀਤ ਸਿੰਘ ਖੋਸਾ ਮੀਤ ਪ੍ਰਧਾਨ, ਨੌਜਵਾਨ ਕਵੀ ਗੁਰਵਿੰਦਰ ਸਿੰਘ ਮੀਤ ਸਕੱਤਰ, ਮੁੱਖ ਸਲਾਹਕਾਰ ਪ੍ਰਸਿੱਧ ਗ਼ਜ਼ਲਗੋ ਜਸਵੰਤ ਵਾਗਲਾ ਅਤੇ ਖ਼ਜ਼ਾਨਚੀ ਕਵੀ ਹਰਮਨਦੀਪ ਗਿੱਲ ਨੂੰ ਬਹੁਮਤ ਦੇ ਆਧਾਰ ਉੱਤੇ ਚੁਣਿਆ ਗਿਆ।
ਇਸ ਮੌਕੇ ਪ੍ਰਧਾਨ ਵਰਿੰਦਰ ਅਲੀਸ਼ੇਰ ਨੇ ਦੱਸਿਆ ਕਿ ਸੰਸਥਾ ਨੇ ਆਪਣੇ ਪਿਛਲੇ ਕਾਰਜਕਾਲ ਵਿੱਚ ਮਾਣਮੱਤੀਆਂ ਸਾਹਤਿਕ ਪ੍ਰਾਪਤੀਆਂ ਕੀਤੀਆਂ ਹਨ। ਪੰਜਾਬੀ ਭਾਸ਼ਾ ਦੇ ਪਸਾਰ ਲਈ ਅਥਾਹ ਕੰਮ ਕਰਦਿਆਂ ਸ਼ਹਿਰ ’ਚ ਨੁੱਕੜ ਲਾਇਬ੍ਰੇਰੀਆਂ ਖੋਲ੍ਹਣਾ, ਪੰਜਾਬੀ ਸਕੂਲ, ਭਾਈਚਾਰੇ ਲਈ ਪੰਜਾਬੀ ਸਾਹਿਤ ਮੁਹੱਈਆ ਕਰਵਾਉਣ ਅਤੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਵਰਗੇ ਕਾਰਜ ਕੀਤੇ ਹਨ। ਇਸ ਮਗਰੋਂ ਮਾਝਾ ਯੂਥ ਕਲੱਬ ਦਾ ਸਾਲਾਨਾ ਖੂਨ ਦਾਨ ਕੈਂਪ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਸਭਾ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਖੋਸਾ ਵੱਲੋਂ ਮਾਝਾ ਯੂਥ ਕਲੱਬ ਦੇ ਕਾਰਜਾਂ ਨੂੰ ਉੱਤਮ ਦੱਸਦਿਆਂ ਵਧਾਈ ਦਿੱਤੀ। ਇਸ ਮੌਕੇ ਨੌਜਵਾਨ ਲੇਖਕ ਭੁਪਿੰਦਰ ਸਿੰਘ ਮਾਨ ਦਾ ਨਵਾਂ ਨਾਵਲ ‘ਜਾਬਾਂਜ਼’ ਲੋਕ ਅਰਪਣ ਕੀਤਾ ਗਿਆ। ਹਰਮਨਦੀਪ ਵੱਲੋਂ ਨਾਵਲ ਉੱਪਰ ਸੰਖੇਪ ਗੱਲਬਾਤ ਕੀਤੀ ਗਈ ਅਤੇ ਲੇਖਕ ਨੂੰ ਅਜਿਹੀ ਕਲਾਤਮਕ ਸਿਰਜਣਾ ਲਈ ਸਮੂਹ ਹਾਜ਼ਰੀਨ ਵੱਲੋਂ ਵਧਾਈ ਵੀ ਦਿੱਤੀ ਗਈ।