ਮੁੰਬਈ: ਮਹਾਰਾਸ਼ਟਰ ਸਰਕਾਰ ’ਚ ਮੰਤਰੀ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਬੁਲਾਰੇ ਨਵਾਬ ਮਲਿਕ ਨੇ ਅੱਜ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਪੈਗਾਸਸ ਜਾਸੂਸੀ ਸਾਫਟਵੇਅਰ ਦੀ ਵਰਤੋਂ ਨਹੀਂ ਕੀਤੀ ਤਾਂ ਉਸ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਕਿਤੇ ਕਿਸੇ ਵਿਦੇਸ਼ੀ ਸਰਕਾਰ ਨੇ ਭਾਰਤੀ ਨੇਤਾਵਾਂ, ਜੱਜਾਂ, ਅਧਿਕਾਰੀਆਂ ਤੇ ਪੱਤਰਕਾਰਾਂ ਦੀ ਜਾਸੂਸੀ ਤਾਂ ਨਹੀਂ ਕੀਤੀ। ਮਲਿਕ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਪੈਗਾਸਸ ਸਾਫਟਵੇਅਰ ਨੂੰ ਲੈ ਕੇ ਇਜ਼ਰਾਇਲੀ ਕੰਪਨੀ ‘ਐੱਨਐੱਸਓ ਸਮੂਹ’ ਨਾਲ ਕੋਈ ਵਿੱਤੀ ਲੈਣ-ਦੇਣ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ, ‘ਇਸ ਮਾਮਲੇ ’ਚ ਕੇਂਦਰ ਸਰਕਾਰ ਨੂੰ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਕਿਤੇ ਕਿਸੇ ਹੋਰ ਦੇਸ਼ ਨੇ ਭਾਰਤ ’ਚ ਵਿਰੋਧੀ ਧਿਰ ਦੇ ਆਗੂਆਂ, ਸੁਪਰੀਮ ਕੋਰਟ ਦੇ ਜੱਜਾਂ, ਕਾਰੋਬਾਰੀਆਂ, ਪੱਤਰਕਾਰਾਂ ਤੇ ਵਕੀਲਾਂ ਦੀ ਜਾਸੂਸੀ ਤਾਂ ਨਹੀਂ ਕਰਵਾਈ।’ -ਪੀਟੀਆਈ