ਨਵੀਂ ਦਿੱਲੀ, 24 ਮਈ
ਵਣਜ ਤੇ ਉਦਯੋਗ ਮੰਤਰਾਲੇ ਨੇ ਅੱਜ ਦੱਸਿਆ ਕਿ ਦੇਸ਼ ਵਿਚ 2020-21 ਦੌਰਾਨ ਸਿੱਧਾ ਵਿਦੇਸ਼ੀ ਨਿਵੇਸ਼ (ਐਫਡੀਆਈ) ਪ੍ਰਵਾਹ 19 ਪ੍ਰਤੀਸ਼ਤ ਵਧ ਕੇ 59.64 ਅਰਬ ਡਾਲਰ ਰਿਹਾ ਹੈ। ਮੰਤਰਾਲੇ ਮੁਤਾਬਕ ਇਸ ਵਿਚ ਸਰਕਾਰ ਵੱਲੋਂ ਕੀਤੇ ਗਏ ਨੀਤੀਗਤ ਸੁਧਾਰਾਂ, ਨਿਵੇਸ਼ ਸੁਵਿਧਾ ਤੇ ਵਪਾਰ ਸੁਖਾਲਾ ਕਰਨ ਲਈ ਚੁੱਕੇ ਗਏ ਕਦਮਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸੇ ਤਰ੍ਹਾਂ ਦੇਸ਼ ਵਿਚ ਇਕਵਿਟੀ ਨਿਵੇਸ਼, ਪੂੰਜੀ ਤੇ ਕਮਾਈ ਦੇ ਦੁਬਾਰਾ ਕੀਤੇ ਗਏ ਨਿਵੇਸ਼ ਸਹਿਤ ਕੁੱਲ ਐਫਡੀਆਈ 2020-21 ਦੌਰਾਨ ਦਸ ਪ੍ਰਤੀਸ਼ਤ ਵਧ ਕੇ 81.72 ਅਰਬ ਡਾਲਰ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਉਤੇ ਪਹੁੰਚ ਗਿਆ। ਇਹ 2019-20 ਵਿਚ 74.39 ਅਰਬ ਅਮਰੀਕੀ ਡਾਲਰ ਸੀ। ਮੰਤਰਾਲੇ ਮੁਤਾਬਕ ਐਫਡੀਆਈ ਪ੍ਰਵਾਹ ਵਿਚ ਸਭ ਤੋਂ ਵੱਧ 29 ਫੀਸਦ ਹਿੱਸੇਦਾਰੀ ਨਾਲ ਸਿੰਗਾਪੁਰ ਚੋਟੀ ’ਤੇ ਰਿਹਾ। ਇਸ ਤੋਂ ਬਾਅਦ ਅਮਰੀਕਾ (23 ਫੀਸਦ) ਤੇ ਮੌਰੀਸ਼ਸ (9 ਫੀਸਦ) ਦਾ ਸਥਾਨ ਰਿਹਾ। ਕੰਪਿਊਟਰ ਹਾਰਡਵੇਅਰ ਤੇ ਸੌਫਟਵੇਅਰ ਖੇਤਰ ਦੇ ਕੁੱਲ ਐਫਡੀਆਈ ਇਕਵਿਟੀ ਪ੍ਰਵਾਹ ਵਿਚ ਲਗਭਗ 44 ਪ੍ਰਤੀਸ਼ਤ ਹਿੱਸੇਦਾਰੀ ਰਹੀ। ਇਸ ਤੋਂ ਬਾਅਦ ਨਿਰਮਾਣ ਗਤੀਵਿਧੀਆਂ (13 ਪ੍ਰਤੀਸ਼ਤ) ਤੇ ਸੇਵਾ ਖੇਤਰ (8 ਪ੍ਰਤੀਸ਼ਤ) ਦਾ ਸਥਾਨ ਰਿਹਾ। ਰਾਜਾਂ ਦੇ ਲਿਹਾਜ਼ ਨਾਲ 2020-21 ਦੌਰਾਨ ਕੁੱਲ ਐਫਡੀਆਈ ਇਕਵਿਟੀ ਪ੍ਰਵਾਹ ਵਿਚ 37 ਪ੍ਰਤੀਸ਼ਤ ਹਿੱਸੇਦਾਰੀ ਨਾਲ ਗੁਜਰਾਤ ਸਿਖ਼ਰ ’ਤੇ ਰਿਹਾ। ਇਸ ਤੋਂ ਬਾਅਦ ਮਹਾਰਾਸ਼ਟਰ (27 ਪ੍ਰਤੀਸ਼ਤ) ਤੇ ਕਰਨਾਟਕ (13 ਪ੍ਰਤੀਸ਼ਤ) ਦਾ ਸਥਾਨ ਰਿਹਾ। -ਪੀਟੀਆਈ