ਅਹਿਮਦਾਬਾਦ, 27 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਖਾਦੀ ‘ਵਿਕਸਿਤ ਤੇ ਆਤਮਨਿਰਭਰ ਭਾਰਤ’ ਦਾ ਸੁਫ਼ਨਾ ਸਾਕਾਰ ਕਰਨ ਲਈ ਪ੍ਰੇਰਣਾ ਸਰੋਤ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਖਾਦੀ ਆਤਮ-ਸਨਮਾਨ ਦਾ ਪ੍ਰਤੀਕ ਸੀ, ਪਰ ਆਜ਼ਾਦੀ ਤੋਂ ਬਾਅਦ ਇਸ ਨੂੰ ਉਹ ਮਾਣ ਨਹੀਂ ਮਿਲ ਸਕਿਆ। ਇੱਥੇ ਸਾਬਰਮਤੀ ਨਦੀ ਕੰਢੇ ‘ਖਾਦੀ ਉਤਸਵ’ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਖਾਦੀ ਦਾ ਧਾਗਾ ਆਜ਼ਾਦੀ ਦੇ ਸੰਘਰਸ਼ ਲਈ ਪ੍ਰੇਰਣਾ ਸਰੋਤ ਬਣਿਆ ਤੇ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਦਿੱਤੀਆਂ। ਇਹ ਖਾਦੀ ਉਤਸਵ ਭਾਰਤ ਸਰਕਾਰ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਕਰਾਇਆ ਗਿਆ ਸੀ। ਇਸ ਮੌਕੇ 7500 ਔਰਤਾਂ ਨੇ ਚਰਖ਼ਾ ਕੱਤ ਕੇ ਇਕ ਨਵਾਂ ਰਿਕਾਰਡ ਵੀ ਬਣਾਇਆ। ਮੋਦੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਆਜ਼ਾਦੀ ਲਈ ਕੀਤੇ ਸੰਘਰਸ਼ ਦੌਰਾਨ ਖਾਦੀ ਨੂੰ ਦੇਸ਼ ਦੇ ਆਤਮ-ਸਨਮਾਨ ਦੇ ਪ੍ਰਤੀਕ ਵਿਚ ਬਦਲ ਦਿੱਤਾ ਸੀ। ਪਰ ਬਾਅਦ ਵਿਚ ਇਸੇ ਖਾਦੀ ਨੂੰ ਉਹ ਮਹੱਤਵ ਨਹੀਂ ਮਿਲਿਆ ਤੇ ਇਸ ਨੂੰ ਹੇਠਲੇ ਪੱਧਰ ਦਾ ਸਮਝਿਆ ਗਿਆ। ਇਸ ਕਾਰਨ ਖਾਦੀ ਤੇ ਇਸ ਨਾਲ ਜੁੜੇ ਦਿਹਾਤੀ ਉਦਯੋਗ ਖ਼ਤਮ ਹੋ ਗਏ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ‘ਅਟਲ ਪੁਲ਼’ ਦਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ 300 ਮੀਟਰ ਲੰਮੇ ‘ਅਟਲ ਪੁਲ਼’ ਦਾ ਉਦਘਾਟਨ ਕੀਤਾ। ਇਹ ਪੁਲ਼ ਸਾਬਰਮਤੀ ਨਦੀ ਉਤੇ ਸਾਈਕਲ ਚਾਲਕਾਂ ਤੇ ਪੈਦਲ ਜਾਣ ਵਾਲਿਆਂ ਲਈ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਪੁਲ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੂੰ ਸ਼ਰਧਾਂਜਲੀ ਹੈ।