ਨਾਗਪੁਰ, 22 ਮਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਰੱਖਿਆ ਖੇਤਰ ਨਾਲ ਜੁੜੇ ਹਿੱਤਧਾਰਕਾਂ ਨੂੰ ‘ਤਕਨੀਕ ਵਿਚ ਆਤਮ-ਨਿਰਭਰ ਬਣਨ ਤੇ ਵਿਦੇਸ਼ੀ ਤਕਨੀਕ ਦੇ ਮੁਕਾਬਲੇ ਵਿਚ ਵਧਣ’ ਉਤੇ ਧਿਆਨ ਕੇਂਦਰਤ ਕਰਨ ਲਈ ਕਿਹਾ। ਨਾਗਪੁਰ ਦੌਰੇ ’ਤੇ ਆਏ ਰਾਜਨਾਥ ਨੇ ਰੱਖਿਆ ਕਮਾਂਡਰਾਂ ਨੂੰ ਕਿਹਾ ਕਿ ਉਹ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸਾਂਭ-ਸੰਭਾਲ ਅਤੇ ਕੰਮ ਦੇ ਸਹੀ ਤਰੀਕਿਆਂ ਦੀ ਪਾਲਣਾ ਯਕੀਨੀ ਬਣਾਉਣ। ਇਸ ਮੌਕੇ ਏਅਰ ਮਾਰਸ਼ਲ ਸ਼ਸ਼ੀਕਰ ਚੌਧਰੀ ਵੀ ਹਾਜ਼ਰ ਸਨ ਜੋ ਕਿ ‘ਮੇਨਟੀਨੈਂਸ ਕਮਾਂਡ’ ਦੇ ਮੁਖੀ ਹਨ। ਇਸ ਤੋਂ ਇਲਾਵਾ ਕਈ ਫ਼ੌਜੀ ਤੇ ਪ੍ਰਸ਼ਾਸਕੀ ਅਧਿਕਾਰੀ ਹਾਜ਼ਰ ਸਨ। ਰਾਜਨਾਥ ਨੇ ਇਸ ਮੌਕੇ ਰੱਖਿਆ ਖੇਤਰ ਦੀਆਂ ਕੰਪਨੀਆਂ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਕੇਂਦਰੀ ਮੰਤਰੀ ਨੂੰ ਇਸ ਮੌਕੇ ਖੇਤਰ ਵਿਚ ਥਲ ਤੇ ਹਵਾਈ ਸੈਨਾ, ਰੱਖਿਆ ਖੇਤਰ ਦੀਆਂ ਕੰਪਨੀਆਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਜਾਣੂ ਕਰਾਇਆ ਗਿਆ। -ਪੀਟੀਆਈ