ਅਮਰਾਵਤੀ, 21 ਨਵੰਬਰ
ਆਂਧਰਾ ਪ੍ਰਦੇਸ਼ ਵਿੱਚ ਪੇਨਾ ਨਦੀ ’ਚ ਹੜ੍ਹ ਆਉਣ ਕਾਰਨ ਅੱਜ ਸੂਬੇ ਨੂੰ ਦੱਖਣ ਤੇ ਪੂਰਬੀ ਹਿੱਸੇ ਨਾਲ ਜੋੜਨ ਵਾਲੇ ਮੁੱਖ ਰੇਲ ਅਤੇ ਸੜਕ ਮਾਰਗ ਨਾਲ ਸੰਪਰਕ ਟੁੱਟ ਗਿਆ। ਪਾਡੁੁਗੁਪਾਡੁੂ ਵਿੱਚ ਸੜਕ ’ਤੇ ਪਾਣੀ ਭਰਨ ਕਾਰਨ ਐੱਸਪੀਐੱਸ ਨੈਲੌਰ ਜ਼ਿਲ੍ਹੇ ਵਿੱਚ ਚੇਨੱਈ-ਕੋਲਕਾਤਾ ਕੌਮੀ ਰਾਜਮਾਰਗ-16 ਨੂੰ ਆਵਾਜਾਈ ਲਈ ਬੰਦ ਕੀਤਾ ਗਿਆ। ਇਸ ਦੇ ਨਾਲ ਹੀ ਰੇਲਵੇ ਲਾਈਨਾਂ ’ਤੇ ਪਾਣੀ ਆਉਣ ਕਾਰਨ ਚੇਨੱਈ-ਵਿਜੇਵਾੜਾ ਮਾਰਗ ’ਤੇ 17 ਐਕਸਪ੍ਰੈੱਸ ਗੱਡੀਆਂ ਨੂੰ ਰੱਦ ਕਰਨਾ ਪਿਆ, ਜਦਕਿ ਤਿੰਨ ਹੋਰ ਰੇਲਾਂ ਨੂੰ ਅਸਥਾਈ ਤੌਰ ’ਤੇ ਰੱਦ ਕਰ ਦਿੱਤਾ। ਸੂਬੇ ਦੀ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਕਿਹਾ ਕਿ ਐੱਸਪੀਐੱਸ ਨੈਲੌਰ ਵਿੱਚ ਸੋਮਾਸਿਲਾ ਡੈਮ ਤੋਂ ਕਰੀਬ ਦੋ ਲੱਖ ਕਿਊਸਿਕ ਪਾਣੀ ਆਉਣ ਕਾਰਨ ਇਲਾਕਾ ਜਲ-ਥਲ ਹੋ ਗਿਆ। ਹੜ੍ਹ ਦੇ ਪਾਣੀ ਨਾਲ ਕੋਵੁਰੂ ਵਿੱਚ ਕੌਮੀ ਮਾਰਗ-16 ਪ੍ਰਭਾਵਿਤ ਹੋਣ ਮਗਰੋਂ ਨੈਲੌਰ ਤੇ ਵਿਜੇਵਾੜਾ ਵਿੱਚ ਐੱਨਐੱਚ-16 ’ਤੇ ਆਵਾਜਾਈ ਰੋਕ ਦਿੱਤੀ ਗਈ, ਜਿਸ ਕਾਰਨ ਸੈਂਕੜੇ ਵਾਹਨ ਕਈ ਕਿਲੋਮੀਟਰ ਤੱਕ ਜਾਮ ਵਿੱਚ ਫਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਕਾਲਹਸਤੀ ਤੋਂ ਆ ਰਹੇ ਵਾਹਨਾਂ ਨੂੰ ਟੋਟਮਬੇਡੂ ਜਾਂਚ ਚੌਕੀ ’ਤੇ ਰੋਕ ਕੇ ਉਨ੍ਹਾਂ ਦਾ ਮਾਰਗ ਤਬਦੀਲ ਕੀਤਾ ਗਿਆ। -ਪੀਟੀਆਈ