ਨਵੀਂ ਦਿੱਲੀ, 17 ਅਗਸਤ
ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਨੇ ਈ-ਕਾਮਰਸ ਕੰਪਨੀ ਫਲਿਪਕਾਰਟ ਨੂੰ ਆਪਣੇ ਪਲੈਟਫਾਰਮ ’ਤੇ ਗ਼ੈਰਮਿਆਰੀ ਘਰੇਲੂ ਪ੍ਰੈੱਸ਼ਰ ਕੁੱਕਰ ਵੇਚਣ ਦੀ ਮਨਜ਼ੂਰੀ ਦੇਣ ਲਈ ਇੱਕ ਲੱਖ ਰੁਪਏ ਜੁਰਮਾਨਾ ਲਾਇਆ ਹੈ। ਸੀਸੀਪੀਏ ਦੀ ਮੁੱਖ ਕਮਿਸ਼ਨਰ ਨਿਧੀ ਖਰੇ ਨੇ ਦੱਸਿਆ ਕਿ ਫਲਿਪਕਾਰਟ ਨੂੰ ਆਪਣੇ ਪਲੈਟਫਾਰਮ ’ਤੇ ਗ਼ੈਰਮਿਆਰੀ ਪ੍ਰੈੱਸ਼ਰ ਕੁੱਕਰ ਵੇਚਣ ਦੀ ਆਗਿਆ ਦੇਣ ਅਤੇ ਪਖਤਕਾਰਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਇੱਕ ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਖਰੇ ਨੇ ਆਖਿਆ ਕਿ ਫਲਿਪਕਾਰਟ ਨੂੰ ਆਪਣੇ ਪਲੈਟਫਾਰਮ ’ਤੇ ਵੇਚੇ ਗਏ ਸਾਰੇ 598 ਪ੍ਰੈੱਸ਼ਰ ਕੁੱਕਰਾਂ ਦੇ ਖ਼ਰੀਦਦਾਰਾਂ ਨੂੰ ਇਸ ਬਾਰੇ ਸੂਚਿਤ ਕਰਨ, ਖਰਾਬ ਪ੍ਰੈੱਸ਼ਰ ਕੁੱਕਰ ਵਾਪਸ ਮੰਗਵਾਉਣ ਅਤੇ ਪਖਤਕਾਰਾਂ ਦੇ ਪੈਸੇ ਮੋੜਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਨੂੰ 45 ਦਿਨਾਂ ਅੰਦਰ ਰਿਪੋਰਟ ਦਾਖਲ ਕਰਨ ਲਈ ਵੀ ਆਖਿਆ ਗਿਆ ਹੈ। ਸੀਸੀਪੀਏ ਨੇ ਦੱਸਿਆ ਕਿ ਫਲਿਪਕਾਰਟ ਨੇ ਪ੍ਰੈੱਸ਼ਰ ਕੁੱਕਰਾਂ ਦੀ ਵਿਕਰੀ ਰਾਹੀਂ 1,84,263 ਰੁਪਏ ਕਮਾਏ ਸਨ। -ਪੀਟਆਈ