ਨਵੀਂ ਦਿੱਲੀ, 20 ਜੁਲਾਈ
ਕੁੱਲ 36 ਰਾਫੇਲ ਲੜਾਕੂ ਜਹਾਜ਼ਾਂ ’ਚੋਂ ਪਹਿਲੇ ਬੈਚ ਦੇ ਘੱਟੋ-ਘੱਟ ਪੰਜ ਜਹਾਜ਼ਾਂ ਦੇ ਜੁਲਾਈ ਦੇ ਅਖ਼ੀਰ ਤੱਕ ਭਾਰਤੀ ਹਵਾਈ ਸੈਨਾ ਨਾਲ ਜੁੜਨ ਦੀ ਸੰਭਾਵਨਾ ਹੈ। ਇਸ ਨਾਲ ਭਾਰਤੀ ਹਵਾਈ ਸੈਨਾ ਦੀ ਲੜਾਕੂ ਸਮਰੱਥਾ ਵਿੱਚ ਵਾਧਾ ਹੋਵੇਗਾ।
ਦੱਸਣਯੋਗ ਹੈ ਕਿ ਦੇਸ਼ ਦੀ ਊੱਤਰੀ ਸਰਹੱਦ ’ਤੇ ਕਈ ਥਾਈਂ ਭਾਰਤੀ ਥਲ ਸੈਨਾ ਅਤੇ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ ਵਿਚਾਲੇ ਤਲਖੀ ਬਣੀ ਹੋਈ ਹੈ ਜਦਕਿ ਪੱਛਮੀ ਸਰਹੱਦ ’ਤੇ ਪਾਕਿਸਤਾਨ ਆਧਾਰਿਤ ਦਹਿਸ਼ਤੀ ਸੰਗਠਨਾਂ ਵਲੋਂ ਸਰਹੱਦ ਪਾਰੋਂ ਗੋਲੀਬਾਰੀ ਅਤੇ ਘੁਸਪੈਠ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੋਵਾਂ ਪਾਸਿਆਂ ’ਤੇ ਭਾਰਤ ਦੀ ਹਵਾਈ ਸਮਰੱਥਾ ਪਾਸਾ ਪਲਟਾ ਸਕਦੀ ਹੈ। ਰਾਫੇਲ ਲੜਾਕੂ ਜਹਾਜ਼ ਵੱਖ-ਵੱਖ ਰੇਂਜ ਦੀਆਂ ਕਈ ਮਿਜ਼ਾਈਲਾਂ ਜਿਵੇਂਂ ਮੀਟਿਓਰ, ਐੱਸਸੀਏਐੱਲਪੀ ਅਤੇ ਐੱਮਆਈਸੀਏ ਨਾਲ ਲੈਸ ਹੋਵੇਗਾ, ਜੋ ਕਿ ਦੂਰੀ ਤੋਂ ਹੋਏ ਹਮਲੇ ਦਾ ਜਵਾਬ ਦੇਣ ਦੀ ਸਮਰੱਥਾ ਵਧਾਏਗਾ।
ਭਾਰਤੀ ਹਵਾਈ ਸੈਨਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਾਫੇਲ ਲੜਾਕੂ ਜਹਾਜ਼ ਨਾਲ ਬਹੁਤ ਜ਼ਿਆਦਾ ਤਾਕਤ ਵਧੇਗੀ। ਊਨ੍ਹਾਂ ਕਿਹਾ, ‘‘ਦੁਸ਼ਮਣਾਂ ਦੇ ਮਨਾਂ ਵਿੱਚ ਹਮੇਸ਼ਾ ਡਰ ਬਣਿਆ ਰਹੇਗਾ।’’ ਊਨ੍ਹਾਂ ਕਿਹਾ ਕਿ ਭਾਰਤ ਦਾ ਇੱਕ ਰਾਫੇਲ ਜੈੱਟ ਵੀ ਦੁਸ਼ਮਣਾਂ ਦੀਆਂ ਯੋਜਨਾਵਾਂ ਨਾਕਾਮ ਕਰ ਸਕੇਗਾ। ਫਰਾਂਸ ਦੀ ਡਸੌਲਟ ਏਵੀਏਸ਼ਨ ਵਲੋਂ ਬਣਾਏ ਇਹ ਜਹਾਜ਼ ਭਾਰਤ ਵਿੱਚ ਜੁਲਾਈ ਦੇ ਅਖੀਰ ਤੱਕ ਪੁੱਜ ਜਾਣਗੇ। ਦੋ ਸਕੁਐਡਰਨਾਂ ਵਿੱਚੋਂ ਇੱਕ ਅੰਬਾਲਾ ਅਤੇ ਦੂਜੀ ਹਾਸ਼ੀਮਾਰਾ ਹਵਾਈ ਅੱਡਿਆਂ ’ਤੇ ਹੋਣਗੀਆਂ ਅਤੇ ਊੱਤਰੀ ਸਰਹੱਦਾਂ ਦੀ ਰੱਖਿਆ ਕਰਨਗੀਆਂ।
-ਆਈਏਐੱਨਐੱਸ
ਚੀਨ ਨਾਲ ਵਿਵਾਦ ਦੌਰਾਨ ਭਾਰਤੀ ਤੇ ਅਮਰੀਕੀ ਜਲ ਸੈਨਾਵਾਂ ਵਲੋਂ ਡਰਿੱਲ
ਨਵੀਂ ਦਿੱਲੀ: ਭਾਰਤੀ ਅਤੇ ਅਮਰੀਕੀ ਜਲ ਸੈਨਾਵਾਂ ਨੇ ਅੱਜ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਨੇੜੇ ਡਰਿੱਲ ਕੀਤੀ। ਇਹ ਡਰਿੱਲ ਊਸ ਮੌਕੇ ਕੀਤੀ ਗਈ ਹੈ ਜਦੋਂ ਭਾਰਤ ਅਤੇ ਚੀਨ ਵਿਚਾਲੇ ਪਿਛਲੇ ਦੋ ਮਹੀਨਿਆਂ ਤੋਂ ਤਣਾਅ ਬਣਿਆ ਹੋਇਆ ਹੈ। ਦੱਖਣੀ ਚੀਨ ਸਾਗਰ ਤੋਂ ਪਰਤ ਰਹੇ ਸੁਪਰ ਕੈਰੀਅਰ ਯੂਐੱਸਐੱਸ ਨਿਮਿਟਜ਼ ਨੇ ਹਿੰਦ ਮਹਾਸਾਗਰ ’ਚੋਂ ਲੰਘਦੇ ਸਮੇਂ ਇਹ ਡਰਿੱਲ ਕੀਤੀ, ਜਿਸ ਨੂੰ ਪਾਸਿੰਗ ਐਕਸਰਸਾਈਜ਼ ਜਾਂ ਪਾਸਐਕਸ ਵੀ ਕਿਹਾ ਜਾਂਦਾ ਹੈ। ਅਜਿਹੀ ਡਰਿੱਲ ਸਬੰਧੀ ਪਹਿਲਾਂ ਕੋਈ ਯੋਜਨਾ ਨਹੀਂ ਬਣਾਈ ਜਾਂਦੀ ਅਤੇ ਕਦੇ ਵੀ ਮੌਕਾ ਮਿਲਣ ’ਤੇ ਡਰਿੱਲ ਕਰ ਲਈ ਜਾਂਦੀ ਹੈ। ਯੂਐੱਸਐੱਸ ਨਿਮਿਟਜ਼ ਅਮਰੀਕਾ ਜਲ ਸੈਨਾ ਦਾ ਪਰਮਾਣੂ ਊਰਜਾ ਵਾਲਾ ਹਵਾਈ ਜਹਾਜ਼ ਕੈਰੀਅਰ ਹੈ ਅਤੇ ਇਹ ਦੁਨੀਆਂ ਦਾ ਸਭ ਤੋਂ ਵੱਡਾ ਲੜਾਕੂ ਜੰਗੀ ਜਹਾਜ਼ ਹੈ। ਭਾਰਤ ਵਲੋਂ ਸਮੁੰਦਰ ਵਿੱਚ ਅਜਿਹੀ ਡਰਿੱਲ ਪਹਿਲਾਂ ਫਰਾਂਸ ਅਤੇ ਜਪਾਨ ਨਾਲ ਕੀਤੀ ਗਈ ਸੀ। ਇਹ ਡਰਿੱਲਜ਼ ਭਾਰਤੀ ਜਲ ਸੈਨਾ ਵਲੋਂ ਆਪਣੀਆਂ ਸਮਰੱਥਾਵਾਂ ਪਰਖਣ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਚੀਨੀ ਹਮਲਿਆਂ ਵਿਰੁਧ ਜੰਗ ਲਈ ਤਿਆਰੀ ਵਜੋਂ ਕੁਝ ਦਿਨ ਪਹਿਲਾਂ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਕੀਤੀ ਡਰਿੱਲ ਤੋਂ ਬਾਅਦ ਕੀਤੀਆਂ ਗਈਆਂ।