ਸ੍ਰੀਨਗਰ/ਬਾਰਾਮੂਲਾ, 23 ਮਈ
ਜੰਮੂ ਕਸ਼ਮੀਰ ਪੁਲੀਸ ਨੇ ਅੱਜ ਵੱਖ ਵੱਖ ਥਾਵਾਂ ਤੋਂ ਲਸ਼ਕਰ-ਏ-ਤੋਇਬਾ ਦੇ ਪੰਜ ‘ਹਾਈਬ੍ਰਿਡ’ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋ ਅਤਿਵਾਦੀਆਂ ਨੂੰ ਸ੍ਰੀਨਗਰ, ਜਦਕਿ ਤਿੰਨ ਨੂੰ ਬਾਰਾਮੂਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ‘ਹਾਈਬ੍ਰਿਡ’ ਅਤਿਵਾਦੀ ਉਹ ਵਿਅਕਤੀ ਹੁੰਦੇ ਹਨ, ਜੋ ਅਤਿਵਾਦੀਆਂ ਵਜੋਂ ਸੂਚੀਬੱਧ ਨਹੀਂ ਹੁੰਦੇ ਪਰ ਹਮਲੇ ਨੂੰ ਅੰਜਾਮ ਦੇਣ ਲਈ ਸਹਾਈ ਹੁੰਦੇ ਹਨ ਅਤੇ ਹਮਲਾ ਕਰਨ ਮਗਰੋਂ ਮੁੜ ਆਮ ਜੀਵਨ ਵਿੱਚ ਚਲੇ ਜਾਂਦੇ ਹਨ। ਪੁਲੀਸ ਅਨੁਸਾਰ ਸ੍ਰੀਨਗਰ ਤੋਂ ਗ੍ਰਿਫ਼ਤਾਰ ਕੀਤੇ ਗਏ ਅਤਿਵਾਦੀਆਂ ਦੀ ਪਛਾਣ ਅਮੀਰ ਮੁਸ਼ਤਾਕ ਗਨੀ ਉਰਫ਼ ਮੂਸਾ ਵਾਸੀ ਖ਼ਾਨ ਕਲੋਨੀ ਚੰਨਪੋਰਾ ਅਤੇ ਅਜ਼ਲਾਨ ਅਲਤਾਫ਼ ਭੱਟ ਵਾਸੀ ਬੱਟਪੋਰਾ ਚੰਨਪੋਰਾ ਵਜੋਂ ਹੋਈ ਹੈ। ਪੁਲੀਸ ਦੇ ਆਈਜੀ ਵਿਜੈ ਕੁਮਾਰ ਨੇ ਟਵੀਟ ਕਰਦਿਆਂ ਦੱਸਿਆ, ‘‘ਸ੍ਰੀਨਗਰ ਪੁਲੀਸ ਨੇ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ/ਟੀਆਰਐੱਫ ਨਾਲ ਸਬੰਧਤ ਦੋ ਸਥਾਨਕ ਹਾਈਬ੍ਰਿਡ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅਤਿਵਾਦੀਆਂ ਕੋਲੋਂ 15 ਪਿਸਤੌਲ, 30 ਮੈਗਜ਼ੀਨ, 30 ਗੋਲੇ ਅਤੇ ਇੱਕ ਸਾਈਲੈਂਸਰ ਬਰਾਮਦ ਕੀਤਾ ਹੈ।’’
ਬਾਰਾਮੂਲਾ ਦੇ ਐੱਸਐੱਸਪੀ ਰਈਸ ਮੁਹੰਮਦ ਭੱਟ ਨੇ ਵੱਖਰੇ ਤੌਰ ’ਤੇ ਦੱਸਿਆ ਕਿ ਸਰਪੰਚ ਹੱਤਿਆ ਕਾਂਡ ਵਿੱਚ ਸ਼ਾਮਲ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਤਿੰਨ ‘ਹਾਈਬ੍ਰਿਡ’ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਭੱਟ ਨੇ ਦੱਸਿਆ, ‘‘ਅਤਿਵਾਦੀਆਂ ਨੇ 15 ਅਪਰੈਲ ਨੂੰ ਪੱਤਣ ਦੇ ਪਲਹਾਲਨ ਦੇ ਵੂਸਾਨ ਇਲਾਕੇ ਵਿੱਚ ਚੰਦਰਹਾਮਾ ਬਾਗਾਂ ’ਚ ਗੋਸ਼ਬੁੱਗ ਬੀ ਦੇ ਸਰਪੰਚ ਮੰਜ਼ੂਰ ਅਹਿਮਦ ਬਾਂਗਰੂ ’ਤੇ ਗੋਲੀਆਂ ਚਲਾਈਆਂ ਸੀ।’’ ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਦੀ ਪਛਾਣ ਗੋਸ਼ਬੁੱਗ ਵਾਸੀ ਨੂਰ ਮੁਹੰਮਦ ਯਾਟੂ, ਮੁਹੰਮਦ ਰਫੀਕ ਪਾਰੇ ਤੇ ਮੁਹੰਮਦ ਅਕਬਰ ਪਾਰੇ ਵਜੋਂ ਹੋਈ ਹੈ। ਅਤਿਵਾਦੀਆਂ ਕੋਲੋਂ ਤਿੰਨ ਚੀਨੀ ਪਿਸਤੌਲ, ਤਿੰਨ ਮੈਗਜ਼ੀਨ, ਦੋ ਗਰਨੇਡ ਅਤੇ 32 ਕਾਰਤੂਸ ਬਰਾਮਦ ਹੋਏ ਹਨ। -ਪੀਟੀਆਈ