ਮੈਸੂਰ, 5 ਅਕਤੂਬਰ
ਵਿਜੈ ਦਸ਼ਮੀ ਮੌਕੇ ਅੱਜ ਮੈਸੂਰ ਦੇ ਇਤਿਹਾਸਕ ਦਸਹਿਰੇ ਦਾ ਸਮਾਪਨ ਹੋ ਗਿਆ। ਅਧਿਕਾਰੀਆਂ ਮੁਤਾਬਕ ਕਰੀਬ 5 ਲੱਖ ਲੋਕਾਂ ਨੇ ਜੰਬੂ ਸਵਾਰੀ (ਹਾਥੀਆਂ ਦੀ ਸਵਾਰੀ) ਅਤੇ ਹੋਰ ਮੇਲੇ ਨੂੰ ਦੇਖਿਆ। ਮੁੱਖ ਮੰਤਰੀ ਬਸਵਰਾਜ ਬੋਮਈ ਨੇ ਮੈਸੂਰ ਮਹਿਲ ਦੇ ਉੱਤਰੀ ਗੇਟ ’ਤੇ ਨੰਦੀ ਧਵੱਜ ਪੂਜਾ ਕੀਤੀ। ਕਰੋਨਾ ਮਹਾਮਾਰੀ ਦੇ ਦੋ ਸਾਲਾਂ ਮਗਰੋਂ ਹੁਕਮਰਾਨ ਭਾਜਪਾ ਨੇ ਇਸ ਸਾਲ ਦਸਹਿਰੇ ਦਾ ਤਿਉਹਾਰ ਵੱਡੇ ਪੱਧਰ ’ਤੇ ਮਨਾਉਣ ਦਾ ਫ਼ੈਸਲਾ ਲਿਆ ਸੀ। ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਿਆਂ ਪੂਰੇ ਸ਼ਹਿਰ ਨੂੰ ਵਿਸ਼ੇਸ਼ ਲਾਈਟਾਂ ਨਾਲ ਸਜਾਇਆ ਗਿਆ ਸੀ। ਦਸਹਿਰਾ ਉਤਸਵ ਦਾ ਉਦਘਾਟਨ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ 26 ਸਤੰਬਰ ਨੂੰ ਕੀਤਾ ਗਿਆ ਸੀ ਜਿਨ੍ਹਾਂ ਮੈਸੂਰ ’ਚ ਚਾਮੁੰਡੀ ਪਹਾੜੀਆਂ ’ਤੇ ਚਾਮੁੰਡੇਸ਼ਵਰੀ ਦੇਵੀ ਦੀ ਪੂਜਾ ਕੀਤੀ ਸੀ। ਹਾਥੀਆਂ ਦੀ ਸਵਾਰੀ ਦੋ ਸਾਲਾਂ ਮਗਰੋਂ ਕੱਢੀ ਗਈ ਹੈ। ਇਹ ਮੈਸੂਰ ਦੇ ਅੰਬਾ ਵਿਲਾਸ ਮਹਿਲ ਤੋਂ ਸ਼ੁਰੂ ਹੋਈ ਜੋ ਪੰਜ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਬੰਨੀਮੰਤਾਪ ਮੈਦਾਨ ’ਚ ਪਹੁੰਚੀ। ਇਸ ਸਾਲ 57 ਵਰ੍ਹਿਆਂ ਦੇ ਹਾਥੀ ਅਭਿਮੰਨਿਊ ’ਤੇ 750 ਕਿਲੋਗ੍ਰਾਮ ਦੀ ਦੇਵੀ ਚਾਮੁੰਡੇਸ਼ਵਰੀ ਦੀ ਸੋਨੇ ਦੀ ਮੂਰਤੀ ਸਵਾਰ ਸੀ। ਇਸ ਦੇ ਨਾਲ ਰਾਜਪਾਲ ਥਾਵਰ ਚੰਦ ਗਹਿਲੋਤ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। -ਆਈਏਐਨਐਸ