ਮੁੰਬਈ: ਮੁੰਬਈ ਦੇ ਬਾਂਦਰਾ-ਵਰਲੀ ਸੀ-ਲਿੰਕ ’ਤੇ ਅੱਜ ਹੋਏ ਸੜਕ ਹਾਦਸੇ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ 8 ਹੋਰ ਜ਼ਖ਼ਮੀ ਹੋ ਗਏ। ਵੇਰਵਿਆਂ ਮੁਤਾਬਕ ਇਕ ਤੇਜ਼ ਰਫ਼ਤਾਰ ਕਾਰ ਨੇ ਤਿੰਨ ਖੜ੍ਹੀਆਂ ਕਾਰਾਂ ਤੇ ਇਕ ਐਂਬੂਲੈਂਸ ਨੂੰ ਟੱਕਰ ਮਾਰ ਦਿੱਤੀ। ਹਾਦਸਾ ਸੁਵਖਤੇ ਕਰੀਬ 3 ਵਜੇ ਪੋਲ ਨੰਬਰ 76 ਤੇ 78 ਵਿਚਕਾਰ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਉਤੇ ਦੁੱਖ ਪ੍ਰਗਟ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਕ ਹੋਰ ਕਾਰ ਪਹਿਲਾਂ ਪੁਲ ਉਤੇ ਡਿਵਾਈਡਰ ਨਾਲ ਟਕਰਾਈ ਸੀ। ਮਦਦ ਲਈ ਉੱਥੇ ਐਂਬੂਲੈਂਸ ਬੁਲਾਈ ਗਈ ਤੇ ਦੋ ਹੋਰ ਕਾਰਾਂ ਵੀ ਰੁਕ ਗਈਆਂ। ਉਸੇ ਦੌਰਾਨ ਇਕ ਕਾਰ ਨੇ ਪਿੱਛਿਓਂ ਤਿੰਨ ਖੜ੍ਹੀਆਂ ਕਾਰਾਂ ਤੇ ਐਂਬੂਲੈਂਸ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ 13 ਵਿਅਕਤੀ ਜਿਨ੍ਹਾਂ ਵਿਚ ਇਕ ਮਹਿਲਾ ਤੇ ਸੀ-ਲਿੰਕ ਦਾ ਮੁਲਾਜ਼ਮ ਵੀ ਸ਼ਾਮਲ ਸਨ, ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਪੰਜ ਦੀ ਇਲਾਜ ਦੌਰਾਨ ਮੌਤ ਹੋ ਗਈ। -ਪੀਟੀਆਈ