ਪਟਨਾ: ਬਿਹਾਰ ਸਰਕਾਰ ਨੇ ਇੱਥੋਂ ਦੀ ਸਿਵਲ ਸਰਜਨ ਵੱਲੋਂ ਕਰੋਨਾ ਰੋਕੂ ਵੈਕਸੀਨ ਦੀਆਂ ਪੰਜ ਖੁਰਾਕਾਂ ਲੈਣ ਸਬੰਧੀ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਉਧਰ, ਸਿਵਲ ਸਰਜਨ ਵਿਭਾ ਕੁਮਾਰੀ ਸਿੰਘ ਨੇ ਨਿਯਮਾਂ ਅਨੁਸਾਰ ਤਿੰਨ ਡੋਜ਼ ਲੈਣ ਦਾ ਜ਼ਿਕਰ ਕੀਤਾ ਹੈ। ਸਿਵਲ ਸਰਜਨ ਨੇ ਮੁਲਜ਼ਮ ’ਤੇ ਉਸ ਦਾ ਪੈਨ ਕਾਰਡ ਨੰਬਰ ਵਰਤ ਕੇ ਵੈਕਸੀਨ ਲਾਉਣ ਦਾ ਦੋਸ਼ ਲਾਇਆ ਹੈ। ਉਸ ਨੇ ਕਿਹਾ ਕਿ ਉਸ ਨੇ ਆਪਣੇ ਆਧਾਰ ਨੰਬਰ ਰਾਹੀਂ ਕੋਵਿਡਸ਼ੀਲਡ ਦੀਆਂ ਦੋ ਖੁਰਾਕਾਂ ਅਤੇ ਨਿਯਮਾਂ ਅਨੁਸਾਰ ਇੱਕ ਵਾਧੂ ਖੁਰਾਕ ਲਈ ਹੈ। ਕੋਵਿਡ ਪੋਰਟਲ ਅਨੁਸਾਰ ਉਸ ਨੇ 28 ਜਨਵਰੀ 2021 ਨੂੰ ਟੀਕੇ ਦੀ ਪਹਿਲੀ ਖੁਰਾਕ ਲਈ ਅਤੇ ਮਾਰਚ ਵਿੱਚ ਆਪਣਾ ਟੀਕਾਕਰਨ ਪੂਰਾ ਕੀਤਾ। ਉਧਰ, ਸਰਕਾਰੀ ਰਿਕਾਰਡ ਮੁਤਾਬਕ ਪੈਨ ਕਾਰਡ ਦੀ ਵਰਤੋਂ ਕਰਦੇ ਹੋਏ ਉਸ ਨੇ 6 ਫਰਵਰੀ 2021 ਨੂੰ ਤੀਜੀ ਅਤੇ 17 ਜੂਨ ਨੂੰ ਚੌਥੀ ਡੋਜ਼ ਲਈ। ਇਸ ਮਗਰੋਂ ਵਿਸ਼ੇਸ਼ ਖੁਰਾਕ 13 ਜਨਵਰੀ, 2022 ਨੂੰ ਲਈ ਹੋਈ ਦਿਖਾਈ ਗਈ ਹੈ। ਪਟਨਾ ਦੇ ਜ਼ਿਲ੍ਹਾ ਅਧਿਕਾਰੀ ਚੰਦਰਸ਼ੇਖਰ ਨੇ ਕਿਹਾ ਕਿ ਪ੍ਰਸ਼ਾਸਨ ਨੇ ਜਾਂਚ ਸ਼ੁਰ ਕਰ ਦਿੱਤੀ ਹੈ। ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ