ਇੰਦੌਰ: ਗੁਜਰਾਤ ਤੋਂ ਕਾਮੇਡੀਅਨ ਮੁਨੱਵਰ ਫ਼ਾਰੂਕੀ ਸਣੇ ਚਾਰ ਹੋਰ ਵਿਅਕਤੀਆਂ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਇੱਕ ਸ਼ੋਅ ਦੌਰਾਨ ਹਿੰਦੂ ਦੇਵੀ-ਦੇਵਤਿਆਂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਟਿੱਪਣੀਆਂ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਭਾਜਪਾ ਵਿਧਾਇਕ ਦੇ ਪੁੱਤਰ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਪੁਲੀਸ ਅਨੁਸਾਰ ਇਹ ਕਾਮੇਡੀ ਸ਼ੋਅ ਸ਼ੁੱਕਰਵਾਰ ਨੂੰ ਇੰਦੌਰ ਦੇ 56 ਦੁਕਾਨ ਖੇਤਰ ਦੇ ਇੱਕ ਕੈਫੇ ਵਿੱਚ ਹੋਇਆ ਸੀ। ਇਸ ਸਬੰਧੀ ਸ਼ਿਕਾਇਤ ਭਾਜਪਾ ਦੇ ਸਥਾਨਕ ਵਿਧਾਇਕ ਮਾਲਿਨੀ ਲਕਸ਼ਮਨ ਸਿੰਘ ਗੌੜ ਦੇ ਪੁੱਤਰ ਏਕਲਵਿਆ ਸਿੰਘ ਗੌੜ (36) ਵਲੋਂ ਕੀਤੀ ਗਈ। ਗੌੜ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਦਰਸ਼ਕ ਵਜੋਂ ਸ਼ੋਅ ਦੇਖਣ ਗਿਆ ਸੀ, ਜਿਸ ਦੌਰਾਨ ਕਾਮੇਡੀਅਨ ਨੇ ਹਿੰਦੂ ਦੇਵੀ-ਦੇਵਤਿਆਂ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। -ਪੀਟੀਆਈ