ਅਨਿਲ ਸ਼ਰਮਾ
ਰੋਹਤਕ, 7 ਸਤੰਬਰ
ਇਥੋਂ ਦੀ ਪੀਜੀਆਈ ਵਿੱਚ ਕਰੋਨਾ ਵੈਕਸੀਨ ਦਾ ਪਹਿਲਾ ਟ੍ਰਾਇਲ ਸਫਲ ਰਿਹਾ ਹੈ। ਇਸ ਦੇ ਨਾਲ ਹੀ ਵੈਕਸੀਨ ਦੇ ਦੂਜੇ ਗੇੜ ਦਾ ਟ੍ਰਾਇਲ ਅੱਜ ਸ਼ੁਰੂ ਹੋ ਗਿਆ। ਦੂਜੇ ਟ੍ਰਾਇਲ ਵਿੱਚ 30 ਵਾਲੰਟੀਅਰਾਂ ਨੂੰ ਵੈਕਸੀਨ ਦਿੱਤੀ ਗਈ ਹੈ। ਪਹਿਲਾ ਟ੍ਰਾਇਲ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ। ਟ੍ਰਾਇਲ ਵਿੱਚ ਸ਼ਾਮਲ ਲੋਕਾਂ ਵਿੱਚ 4 ਗੁਣਾਂ ਤਕ ਐਂਟੀਬੌਂਡੀ ਪਾਈ ਗਈ। ਕਰੋਨਾ ਵੈਕਸੀਨ ਦੀ ਰਿਸਰਚ ਵਿੱਚ ਲੱਗੇ ਡਾਕਟਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਵਾਲੰਟੀਅਰਾਂ ਨੂੰ ਪਹਿਲੇ ਗੇੜ ਵਿੱਚ ਵੈਕਸੀਨ ਦਿੱਤੀ ਗਈ ਸੀ, ਉਨ੍ਹਾਂ ਦੇ ਚੰਗੇ ਨਤੀਜੇ ਆਏ ਹਨ ਅਤੇ ਉਮੀਦ ਹੈ ਕਿ ਸਵਦੇਸ਼ੀ ਵੈਕਸੀਨ ਦਾ ਟ੍ਰਾਇਲ ਪੂਰੀ ਤਰ੍ਹਾਂ ਸਫ਼ਲ ਰਹੇਗਾ। ਹੁਣ ਇਸ ਦਾ ਛੇਤੀ ਹੀ ਕੰਟਰੋਲਡ ਬੀਪੀ ਅਤੇ ਸ਼ੱਕਰ ਰੋਕ ਦੇ ਮਰੀਜ਼ਾਂ ’ਤੇ ਵੀ ਟ੍ਰਾਇਲ ਕੀਤਾ ਜਾਵੇਗਾ। ਕਰੋਨਾ ਦੀ ਲਾਗ ਰੋਕਣ ਲਈ ਮੁਲਕ ਭਰ ਵਿੱਚ 13 ਮੈਡੀਕਲ ਸੰਸਥਾਵਾਂ ਵਿੱਚ ਵੈਕਸੀਨ ਦਾ ਟ੍ਰਾਇਲ ਚਲ ਰਿਹਾ। ਰੋਹਤਕ ਪੀਜੀਆਈ ਵੀ ਇਸ ਵੈਕਸੀਨ ਟ੍ਰਾਇਲ ਵਿੱਚ ਸ਼ਾਮਲ ਹੈ। ਪੀਜੀਆਈ ਵਿੱਚ ਪਹਿਲੇ ਗੇੜ ਵਿੱਚ 81 ਵਾਲੰਟੀਅਰਾਂ ਨੂੰ ਦਵਾਈ ਦਿੱਤੀ ਗਈ ਸੀ। ਵੈਕਸੀਨ ਟ੍ਰਾਇਲ ਟੀਮ ਵਿੱਚ ਸ਼ਾਮਲ ਡਾ. ਰਮੇਸ਼ ਵਰਮਾ ਦਾ ਕਹਿਣਾ ਹੈ ਕਿ ਪਹਿਲਾ ਟ੍ਰਾਇਲ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ।