ਨਵੀਂ ਦਿੱਲੀ, 20 ਜਨਵਰੀ
ਉੱਤਰ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ਦੇ ਕੇਸ ’ਚ ਇਥੋਂ ਦੀ ਅਦਾਲਤ ਨੇ ਅੱਜ ਪਹਿਲੀ ਸਜ਼ਾ ਸੁਣਾਈ ਹੈ। ਬਜ਼ੁਰਗ ਮਹਿਲਾ ਦੇ ਘਰ ਨੂੰ ਅੱਗ ਹਵਾਲੇ ਕਰਨ ਦੇ ਦੋਸ਼ ਹੇਠ ਵਧੀਕ ਸੈਸ਼ਨ ਜੱਜ ਵੀਰੇਂਦਰ ਭੱਟ ਨੇ 25 ਵਰ੍ਹਿਆਂ ਦੇ ਦਿਨੇਸ਼ ਯਾਦਵ ਨੂੰ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਈ। ਉਸ ਨੂੰ 12 ਹਜ਼ਾਰ ਰੁਪਏ ਦਾ ਮੁਆਵਜ਼ਾ ਅਦਾ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਵਧੀਕ ਸੈਸ਼ਨ ਜੱਜ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਦੋਸ਼ੀ ਦਾ ਕਾਰਾ ‘ਬਹੁਤ ਗੰਭੀਰ ਕਿਸਮ’ ਦਾ ਹੈ। ਦਿਨੇਸ਼ ਯਾਦਵ ਨੂੰ ਪਿਛਲੇ ਸਾਲ 6 ਦਸੰਬਰ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਜੋ ਦੰਗਾਕਾਰੀ ਭੀੜ ਦਾ ਹਿੱਸਾ ਸੀ ਅਤੇ ਉਸ ਨੇ 25 ਫਰਵਰੀ, 2020 ਨੂੰ 73 ਵਰ੍ਹਿਆਂ ਦੀ ਮਨੋਰੀ ਦੇਵੀ ਦੇ ਘਰ ਦੀ ਭੰਨ-ਤੋੜ ਕਰਦਿਆਂ ਉਸ ਨੂੰ ਅੱਗ ਲਗਾ ਦਿੱਤੀ ਸੀ। ਅਦਾਲਤ ਦਾ ਇਹ ਹੁਕਮ ਅਹਿਮੀਅਤ ਰਖਦਾ ਹੈ ਕਿਉਂਕਿ ਯਾਦਵ ਪਹਿਲਾ ਵਿਅਕਤੀ ਹੈ ਜਿਸ ਨੂੰ ਉੱਤਰ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ਦੇ ਕੇਸ ’ਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਦੇ ਹੁਕਮਾਂ ਮੁਤਾਬਕ ਮਨੋਰੀ ਦੇਵੀ ਨੂੰ ਪਹਿਲਾਂ ਦਿੱਲੀ ਸਰਕਾਰ ਤੋਂ ਕੁਝ ਮੁਆਵਜ਼ਾ ਮਿਲਿਆ ਸੀ। ਅਦਾਲਤ ਨੇ ਮੁਲਜ਼ਮ ਦੀ ਘੱਟ ਉਮਰ, ਪਿਛੋਕੜ ਦਾਗ਼ਦਾਰ ਨਾ ਹੋਣ ਅਤੇ ਪਹਿਲੀ ਵਾਰ ਜੁਰਮ ਕਰਨ ਦੇ ਤੱਥਾਂ ਨੂੰ ਧਿਆਨ ’ਚ ਰੱਖਦਿਆਂ ਘੱਟ ਸਜ਼ਾ ਸੁਣਾਈ ਹੈ। -ਪੀਟੀਆਈ