ਨਵੀਂ ਦਿੱਲੀ: ਕਾਂਗਰਸ ਨੇ ਕੇਂਦਰੀ ਕੈਬਨਿਟ ’ਚ ਫੇਰਬਦਲ ਨੂੰ ਅਰਥਹੀਣ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਦੇਸ਼ ਨੂੰ ਸਹੀ ਢੰਗ ਨਾਲ ਚਲਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਤੇ ਇਸ ਨੂੰ ਕੈਬਨਿਟ ਵਿੱਚ ਫੇਰਬਦਲ ਦੀ ਥਾਂ ਆਪਣੇ ਸਿਆਸੀ ਦ੍ਰਿਸ਼ਟੀਕੋਣ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕੈਬਨਿਟ ’ਚ ਫੇਰਬਦਲ ਦਾ ਇਹ ਪੂਰਾ ਅਮਲ ਕਾਰਗੁਜ਼ਾਰੀ ਅਧਾਰਿਤ ਨਹੀਂ ਬਲਕਿ ‘ਦਲ ਬਦਲੂਆਂ’ ਨੂੰ ‘ਐਡਜਸਟ’ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਫੇਰਬਦਲ ਕਾਰਗੁਜ਼ਾਰੀ ਅਧਾਰਿਤ ਹੁੰਦਾ ਤਾਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਚੰਗਾ ਰਾਜ ਪ੍ਰਬੰਧ ਦੇਣ ’ਚ ਨਾਕਾਮ ਰਹਿਣ ਬਦਲੇ ਲਾਂਭੇ ਕੀਤਾ ਜਾਂਦਾ। ਸੁਰਜੇਵਾਲਾ ਨੇ ਕਿਹਾ ਕਿ
ਵਿੱਤ ਮੰਤਰੀ, ਗ੍ਰਹਿ ਮੰਤਰੀ ਤੇ ਰੱਖਿਆ ਮੰਤਰੀ ਦੀ ਵੀ ਛੁੱਟੀ ਕਰਨੀ ਬਣਦੀ ਸੀ, ਕਿਉਂਕਿ ਉਹ ਵੀ ਆਪੋ ਆਪਣੀਆਂ ਭੂਮਿਕਾਵਾਂ ਨਿਭਾਉਣ ’ਚ ਨਾਕਾਮ ਰਹੇ ਹਨ। ਪਾਰਟੀ ਤਰਜਮਾਨ ਜੈਵੀਰ ਸ਼ੇਰਗਿੱਲ ਨੇ ਕਿਹਾ, ‘‘ਕੈਬਨਿਟ ’ਚ ਫੇਰਬਦਲ ਅਰਥਹੀਣ ਹੈ ਕਿਉਂਕਿ ਜਦੋਂ ਅਰਥਚਾਰੇ, ਰੁਜ਼ਗਾਰ, ਸਿਹਤ ਦੀ ਗੱਲ ਤੁਰਦੀ ਹੈ ਤਾਂ ਭਾਜਪਾ ਸਰਕਾਰ ਇਥੇ ਪੂਰੀ ਤਰ੍ਹਾਂ ‘ਅਸਫ਼ਲ’ ਰਹੀ ਹੈ। -ਪੀਟੀਆਈ