ਨਵੀਂ ਦਿੱਲੀ, 30 ਜੁਲਾਈ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਦੀ ਆਲੋਚਨਾ ਵਾਲੇ ਪੋਸਟਰ ਲਾਉਣ ਉਤੇ ਦਰਜ ਹੋਈ ਐਫਆਈਆਰ ਕਿਸੇ ਤੀਜੀ ਧਿਰ ਦੇ ਕਹਿਣ ’ਤੇ ਰੱਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਨਾਲ ਗਲਤ ਸੁਨੇਹਾ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਲਾ ਕੇ ਟੀਕਾਕਰਨ ਦੇ ਪੱਖ ਤੋਂ ਉਨ੍ਹਾਂ ਦੀ ਆਲੋਚਨਾ ਕੀਤੀ ਗਈ ਸੀ। ਜਸਟਿਸ ਡੀ.ਵਾਈ. ਚੰਦਰਚੂੜ ਤੇ ਐਮਆਰ ਸ਼ਾਹ ਦੇ ਬੈਂਚ ਨੇ ਪਟੀਸ਼ਨਕਰਤਾ ਪ੍ਰਦੀਪ ਕੁਮਾਰ ਯਾਦਵ ਨੂੰ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ ਪਰ ਸਪੱਸ਼ਟ ਕੀਤਾ ਕਿ ਪਟੀਸ਼ਨ ਖਾਰਜ ਕਰਨਾ ਕਿਸੇ ਅਜਿਹੇ ਵਿਅਕਤੀ ਦੇ ਰਾਹ ਵਿਚ ਅੜਿੱਕਾ ਨਹੀਂ ਬਣਨਾ ਚਾਹੀਦਾ ਜੋ ਸੱਚਮੁੱਚ ਪੀੜਤ ਹੈ ਤੇ ਐਫਆਈਆਰ ਰੱਦ ਕਰਵਾਉਣ ਲਈ ਅਦਾਲਤ ਪਹੁੰਚ ਕਰ ਰਿਹਾ ਹੈ। ਅਦਾਲਤ ਨੇ ਪਟੀਸ਼ਨਕਰਤਾ ਨੂੰ ਸਵਾਲ ਕੀਤਾ ਕਿ ਇਸ ਕੇਸ ਵਿਚ ਜਾਣਕਾਰੀ ਦੀ ਪੁਸ਼ਟੀ ਕਿਵੇਂ ਹੋਵੇਗੀ। ਯਾਦਵ ਨੇ ਇਸ ਪਟੀਸ਼ਨ ਵਿਚ ਮੰਗ ਕੀਤੀ ਸੀ ਕਿ ਅਦਾਲਤ ਦਿੱਲੀ ਪੁਲੀਸ ਨੂੰ ਹੁਕਮ ਦੇਵੇ ਕਿ ਪ੍ਰਧਾਨ ਮੰਤਰੀ ਦੇ ਪੋਸਟਰ ਲਾਉਣ ਦੇ ਮਾਮਲੇ ਵਿਚ ਹੋਰ ਕੇਸ ਦਰਜ ਨਾ ਕੀਤੇ ਜਾਣ। ਪਟੀਸ਼ਨਕਰਤਾ ਨੇ ਕਿਹਾ ਸੀ ਕਿ ਅਜਿਹਾ ਕਰ ਕੇ ਵਿਚਾਰ ਰੱਖਣ ਦੇ ਹੱਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। -ਪੀਟੀਆਈ