ਚੇਨੱਈ, 12 ਫਰਵਰੀ
ਤਾਮਿਲਨਾਡੂ ਦੇ ਵਿਰੁਧੁਨਗਰ ਜ਼ਿਲ੍ਹੇ ਦੀ ਇੱਕ ਫੈਕਟਰੀ ਵਿੱਚ ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖ਼ਮੀ ਹੋ ਗਏ। ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਸ਼ਿਵਾਕਾਸੀ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕੁੱਝ ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲੀਸ ਨੇ ਦੱਸਿਆ ਕਿ ਵਿਰੁਧੁਨਗਰ ਵਿੱਚ ਸੱਤੂਰ ਨੇੜੇ ਅਚਨਕੁਲਮ ਵਿੱਚ ਫੈਕਟਰੀ ਵਿੱਚ ਅੱਗ ਉਸ ਸਮੇਂ ਲੱਗੀ, ਜਦੋਂ ਪਟਾਕਿਆਂ ਵਿੱਚ ਰਸਾਇਣ ਮਿਲਾਇਆ ਜਾ ਰਿਹਾ ਸੀ। ਪਟਾਕਿਆਂ ਲਈ ਬਣਾਏ ਚਾਰ ਸ਼ੈੱਡ ਨਸ਼ਟ ਹੋ ਗਏ। ਦਸ ਅੱਗ ਬੁਝਾਊ ਗੱਡੀਆਂ ਨੇ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ। ਤਾਮਿਲਨਾਡੂ ਦੇ ਮੁੱਖ ਮੰਤਰੀ ਈ ਕੇ ਪਲਾਨੀਸਵਾਮੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਤਿੰਨ-ਤਿੰਨ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। -ਆਈਏਐੱਨਐੱਸ