ਸੋਲਨ, 15 ਮਈ
ਕਸੌਲੀ ਦੇ ਏਅਰ ਫੋਰਸ ਸਟੇਸ਼ਨ ’ਤੇ ਅੱਜ ਭਿਆਨਕ ਅੱਗ ਲੱਗ ਗਈ ਜਿਸ ’ਚ ਤਿੰਨ ਫਾਇਰ ਕਰਮੀਆਂ ਸਮੇਤ ਚਾਰ ਜ਼ਖਮੀ ਹੋ ਗਏ। ਅੱਗ ਕਾਰਨ ਫਾਇਰ ਟੈਂਡਰ ਨੂੰ ਅੰਸ਼ਕ ਤੌਰ ’ਤੇ ਨੁਕਸਾਨ ਪਹੁੰਚਿਆ। ਅੱਗ ਲੱਗਣ ਦੀ ਸੂਚਨਾ ਪਿੰਡ ਵਾਸੀਆਂ ਨੇ ਪੁਲੀਸ ਅਧਿਕਾਰੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਹਵਾਈ ਫੌਜ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਛਾਉਣੀ ਅਤੇ ਏਅਰਫੋਰਸ ਸਟੇਸ਼ਨ ਤੋਂ ਫਾਇਰ ਟੈਂਡਰ ਮੰਗਵਾਏ ਗਏ। ਕਮਾਂਡੈਂਟ (ਹੋਮ ਗਾਰਡਜ਼) ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਅੱਗ ਦੀ ਸੂਚਨਾ ਮਿਲਦੇ ਹੀ ਉਹ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਫਾਇਰ ਟੈਂਡਰ ਦੇ ਡਰਾਈਵਰ ਜਗਦੀਸ਼ ਸ਼ਰਮਾ, ਫਾਇਰਮੈਨ ਮਹਿੰਦਰ ਸ਼ਰਮਾ ਅਤੇ ਹੋਮ ਗਾਰਡ ਸਤੀਸ਼ ਕੁਮਾਰ ਸਮੇਤ ਤਿੰਨ ਫਾਇਰਮੈਨ 10 ਤੋਂ 30 ਫੀਸਦੀ ਸੜ ਗਏ ਹਨ।