ਨਵੀਂ ਦਿੱਲੀ:
ਮੁੱਖ ਅੰਸ਼
- ਹਿੰਦੂ ਕਾਲਜ ਦੇ ਐਸੋਸੀਏਟ ਪ੍ਰੋਫੈਸਰ ਖ਼ਿਲਾਫ਼ ਦਿੱਲੀ ਪੁਲੀਸ ਨੇ ਦਰਜ ਕੀਤਾ ਕੇਸ
- ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼
ਗਿਆਨਵਾਪੀ ਮਸਜਿਦ ਕੰਪਲੈਕਸ ਵਿਚ ‘ਸ਼ਿਵਲਿੰਗ’ ਮਿਲਣ ਦੇ ਦਾਅਵਿਆਂ ਬਾਰੇ ‘ਇਤਰਾਜ਼ਯੋਗ’ ਸੋਸ਼ਲ ਮੀਡੀਆ ਪੋਸਟ ਪਾਉਣ ਦੇ ਮਾਮਲੇ ’ਚ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਦੇ ਐਸੋਸੀਏਟ ਪ੍ਰੋਫੈਸਰ ਖ਼ਿਲਾਫ਼ ਪੁਲੀਸ ਨੇ ਐਫਆਈਆਰ ਦਰਜ ਕੀਤੀ ਹੈ। ਦਿੱਲੀ ਪੁਲੀਸ ਨੇ ਇਹ ਮਾਮਲਾ ਮੰਗਲਵਾਰ ਰਾਤ ਰਾਜਧਾਨੀ ਦੇ ਹੀ ਇਕ ਵਕੀਲ ਦੀ ਸ਼ਿਕਾਇਤ ਉਤੇ ਦਰਜ ਕੀਤਾ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਇਤਿਹਾਸ ਵਿਸ਼ੇ ਦੇ ਐਸੋਸੀਏਟ ਪ੍ਰੋਫੈਸਰ ਰਤਨ ਲਾਲ ਨੇ ਦਾਅਵਾ ਕੀਤਾ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਤੇ ਸੋਸ਼ਲ ਮੀਡੀਆ ਉਤੇ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਤਨ ਲਾਲ ਨੇ ਸਰਕਾਰ ਕੋਲੋਂ ਸੁਰੱਖਿਆ ਵੀ ਮੰਗੀ ਹੈ। ਜ਼ਿਕਰਯੋਗ ਹੈ ਕਿ ਵਾਰਾਨਸੀ ਦੀ ਗਿਆਨਵਾਪੀ ਮਸਜਿਦ ਦੇ ਕੰਪਲੈਕਸ ’ਚ ‘ਸ਼ਿਵਲਿੰਗ’ ਮਿਲਣ ਦੇ ਦਾਅਵੇ ਮਗਰੋਂ ਸੁਪਰੀਮ ਕੋਰਟ ਨੇ ਮੈਜਿਸਟਰੇਟ ਨੂੰ ਉਸ ਥਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਸਨ। ਇਸ ਦੇ ਨਾਲ ਹੀ ਕਿਹਾ ਸੀ ਕਿ ਮੁਸਲਿਮ ਭਾਈਚਾਰਾ ਨਮਾਜ਼ ਅਦਾ ਕਰ ਸਕਦਾ ਹੈ। ਆਪਣੀ ਸ਼ਿਕਾਇਤ ਵਿਚ ਵਕੀਲ ਵਿਨੀਤ ਜਿੰਦਲ ਨੇ ਕਿਹਾ ਕਿ ਲਾਲ ਨੇ ਹਾਲ ਹੀ ਵਿਚ ‘ਸ਼ਿਵਲਿੰਗ ਬਾਰੇ ਅਪਮਾਨਜਨਕ ਤੇ ਭੜਕਾਊ ਟਵੀਟ ਕੀਤਾ ਸੀ।’ ਉਸ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਇਹ ਮੁੱਦਾ ਬਹੁਤ ਸੰਵੇਦਨਸ਼ੀਲ ਹੈ ਤੇ ਅਦਾਲਤ ਵਿਚ ਸੁਣਵਾਈ ਵੀ ਅਜੇ ਚੱਲ ਰਹੀ ਹੈ। ਡੀਸੀਪੀ (ਉੱਤਰ) ਸਾਗਰ ਸਿੰਘ ਕਲਸੀ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਪੋਸਟ ਬਾਰੇ ਸ਼ਿਕਾਇਤ ਮਿਲੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਇਹ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੀ ਹੈ। ਡੀਸੀਪੀ ਨੇ ਕਿਹਾ ਕਿ ਆਈਪੀਸੀ ਦੀਆਂ ਧਾਰਾਵਾਂ 153ਏ, 295ਏ ਤਹਿਤ ਐਫਆਈਆਰ ਕੀਤੀ ਗਈ ਹੈ।
ਇਸੇ ਦੌਰਾਨ ਦਿੱਲੀ ’ਵਰਸਿਟੀ ਦੇ ਪ੍ਰੋਫੈਸਰ ਲਾਲ ਨੇ ਕਿਹਾ, ‘ਭਾਰਤ ਵਿਚ, ਤੁਸੀਂ ਚਾਹੇ ਕਿਸੇ ਬਾਰੇ ਵੀ ਬੋਲ ਕੇ ਦੇਖ ਲਓ, ਕਿਸੇ ਨਾ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚ ਹੀ ਜਾਂਦੀ ਹੈ। ਇਸ ਵਿਚ ਕੁਝ ਨਵਾਂ ਨਹੀਂ ਹੈ। ਮੈਂ ਇਕ ਇਤਿਹਾਸਕਾਰ ਹਾਂ ਤੇ ਕਈ ਚੀਜ਼ਾਂ ਨੂੰ ਬਾਰੀਕੀ ਨਾਲ ਦੇਖਦਾ ਹਾਂ। ਜਦ ਮੈਂ ਉਨ੍ਹਾਂ ਬਾਰੇ ਲਿਖਦਾ ਹਾਂ, ਉਦੋਂ ਭਾਸ਼ਾ ਦੀ ਵਰਤੋਂ ਬਹੁਤ ਧਿਆਨ ਨਾਲ ਕਰਦਾ ਹਾਂ। ਮੈਂ ਆਪਣਾ ਬਚਾਅ ਕਰਾਂਗਾ।’ -ਪੀਟੀਆਈ
ਪ੍ਰੋਫੈਸਰ ਨੇ ਪ੍ਰਧਾਨ ਮੰਤਰੀ ਤੋਂ ਮੰਗੀ ਸੁਰੱਖਿਆ
ਦਿੱਲੀ ’ਵਰਸਿਟੀ ਦੇ ਪ੍ਰੋਫੈਸਰ ਰਤਨ ਲਾਲ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ ਤੇ ਏਕੇ-56 ਰਾਈਫਲਾਂ ਨਾਲ ਲੈਸ ਦੋ ਅੰਗ ਰੱਖਿਅਕ ਮੰਗੇ ਹਨ ਕਿਉਂਕਿ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਲਾਲ ਨੇ ਕਿਹਾ, ‘ਜੇ ਇਹ ਸੰਭਵ ਨਹੀਂ ਤਾਂ ਢੁੱਕਵੀਂ ਅਥਾਰਿਟੀ ਮੈਨੂੰ ਹੀ ਏਕੇ-56 ਦਾ ਲਾਇਸੈਂਸ ਜਾਰੀ ਕਰ ਦੇਵੇ।’ -ਪੀਟੀਆਈ
ਲਖਨਊ: ਕਾਸ਼ੀ ਵਿਸ਼ਵਨਾਥ ਮੰਦਰ ’ਤੇ ਟਿੱਪਣੀ ਕਰਨ ਵਾਲੇ ਪ੍ਰੋਫੈਸਰ ’ਤੇ ਹਮਲਾ
ਲਖ਼ਨਊ: ਕਾਸ਼ੀ ਵਿਸ਼ਵਨਾਥ ਮੰਦਰ ’ਤੇ ਟਿੱਪਣੀ ਕਰਕੇ ਵਿਵਾਦ ਖੜ੍ਹਾ ਕਰਨ ਵਾਲੇ ਲਖ਼ਨਊ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਉਤੇ ਅੱਜ ਕੈਂਪਸ ਵਿਚ ਹੀ ਇਕ ਵਿਦਿਆਰਥੀ ਨੇ ਹਮਲਾ ਕਰ ਦਿੱਤਾ। ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਪ੍ਰੋਫੈਸਰ ਰਵੀ ਕਾਂਤ ਚੰਦਨ ਨੇ ਦੋਸ਼ ਲਾਇਆ ਕਿ ਵਿਦਿਆਰਥੀ ਆਗੂ ਕਾਰਤਿਕ ਪਾਂਡੇ ਨੇ ਉਨ੍ਹਾਂ ਨੂੰ ਗਾਲਾਂ ਕੱਢੀਆਂ ਤੇ ਜਾਤੀਸੂਚਕ ਸ਼ਬਦ ਵੀ ਵਰਤੇ। ਇਸ ਤੋਂ ਇਲਾਵਾ ਕੁੱਟਮਾਰ ਵੀ ਕੀਤੀ। ਹਾਲਾਂਕਿ ਪ੍ਰੋਫੈਸਰ ਦੇ ਨਾਲ ਤਾਇਨਾਤ ਗਾਰਡ ਨੇ ਵਿਦਿਆਰਥੀ ਨੂੰ ਜਲਦੀ ਕਾਬੂ ਕਰ ਲਿਆ। ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ ਤੇ ਪ੍ਰੋਫੈਸਰ ਨੇ ਘਟਨਾ ਬਾਰੇ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰੋ. ਰਵੀ ਕਾਂਤ ਨੇ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਲਗਾਤਾਰ ਖ਼ਤਰਾ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਵਿਦਿਆਰਥੀ ਕਾਰਤਿਕ ‘ਸਪਾ’ ਦੇ ਵਿਦਿਆਰਥੀ ਵਿੰਗ ‘ਸਮਾਜਵਾਦੀ ਛਾਤਰ ਸਭਾ’ ਦਾ ਅਹੁਦੇਦਾਰ ਹੈ। ਘਟਨਾ ਤੋਂ ਬਾਅਦ ਉਸ ਨੂੰ ਵਿੰਗ ਵਿਚੋਂ ਕੱਢ ਦਿੱਤਾ ਗਿਆ ਹੈ। ਯੂਨੀਵਰਸਿਟੀ ਨੇ ਵੀ ਵਿਦਿਆਰਥੀ ਨੂੰ ਮੁਅੱਤਲ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਗਈ ਹੈ। ਇਕ ਹਫ਼ਤਾ ਪਹਿਲਾਂ ਇਸੇ ਪ੍ਰੋਫੈਸਰ ਖ਼ਿਲਾਫ਼ ‘ਏਬੀਵੀਪੀ’ ਨੇ ਐਫਆਈਆਰ ਦਰਜ ਕਰਵਾਈ ਸੀ ਤੇ ਇਕ ਆਨਲਾਈਨ ਪੋਰਟਲ ’ਤੇ ਕਾਸ਼ੀ ਵਿਸ਼ਵਨਾਥ ਮੰਦਰ-ਗਿਆਨਵਾਪੀ ਕੰਪਲੈਕਸ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਦੋਸ਼ ਲਾਇਆ ਸੀ। -ਪੀਟੀਆਈ