ਰਾਂਚੀ, 3 ਸਤੰਬਰ
ਮੁੱਖ ਅੰਸ਼
- ਨਿਸ਼ੀਕਾਂਤ ਦੂਬੇ ਤੇ ਮਨੋਜ ਤਿਵਾੜੀ ਸਣੇ ਨੌਂ ਖ਼ਿਲਾਫ਼ ਮਾਮਲਾ ਦਰਜ
- ਝਾਰਖੰਡ ਦੇ ਹਵਾਈ ਅੱਡੇ ਤੋਂ ਉਡਾਣ ਭਰਨ ਲਈ ਏਅਰ ਟਰੈਫਿਕ ਕੰਟਰੋਲ ’ਤੇ ਦਬਾਅ ਬਣਾਉਣ ਦਾ ਦੋਸ਼
ਏਅਰ ਟਰੈਫਿਕ ਕੰਟਰੋਲ (ਏਟੀਸੀ) ਸਟਾਫ਼ ਤੋਂ ਕਥਿਤ ਧੱਕੇ ਨਾਲ ਉਡਾਣ ਭਰਨ ਦੀ ਕਲੀਅਰੈਂਸ ਲੈਣ ਦੇ ਮਾਮਲੇ ਵਿਚ ਦੋ ਭਾਜਪਾ ਸੰਸਦ ਮੈਂਬਰਾਂ ਸਣੇ ਨੌਂ ਜਣਿਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਦੇਵਘਰ ਹਵਾਈ ਅੱਡੇ (ਝਾਰਖੰਡ) ਦੇ ਸਕਿਉਰਿਟੀ ਇੰਚਾਰਜ ਵੱਲੋਂ ਦਿੱਤੀ ਸ਼ਿਕਾਇਤ ਮੁਤਾਬਕ 31 ਅਗਸਤ ਨੂੰ ਸੰਸਦ ਮੈਂਬਰਾਂ- ਨਿਸ਼ੀਕਾਂਤ ਦੂਬੇ, ਮਨੋਜ ਤਿਵਾੜੀ ਅਤੇ ਹੋਰਾਂ ਨੇ ਏਟੀਸੀ ’ਤੇ ਆਪਣੇ ਚਾਰਟਰਡ ਜਹਾਜ਼ ਨੂੰ ਤੈਅ ਸਮੇਂ ਤੋਂ ਬਾਅਦ ਉਡਾਣ ਭਰਨ ਦੀ ਇਜਾਜ਼ਤ ਦੇਣ ਲਈ ਦਬਾਅ ਬਣਾਇਆ ਸੀ। ਭਾਜਪਾ ਸੰਸਦ ਮੈਂਬਰ ਦੁਮਕਾ ’ਚ ਉਸ ਨਾਬਾਲਗ ਲੜਕੀ ਦੇ ਪਰਿਵਾਰ ਨੂੰ ਮਿਲਣ ਲਈ ਆਏ ਸਨ ਜਿਸ ਨੂੰ ਜਿਊਂਦਾ ਸਾੜ ਦਿੱਤਾ ਗਿਆ ਸੀ। ਵਿਵਾਦ ਉਸ ਵੇਲੇ ਹੋਇਆ ਜਦ ਦੋਵੇਂ ਸੰਸਦ ਮੈਂਬਰ ਦਿੱਲੀ ਵਾਪਸ ਜਾ ਰਹੇ ਸਨ। ਸੁਰੱਖਿਆ ਇੰਚਾਰਜ ਸੁਮਨ ਆਨੰਦ ਨੇ ਦੂਬੇ ਤੇ ਉਸ ਦੇ ਪੁੱਤਰਾਂ, ਮਨੋਜ ਤਿਵਾੜੀ, ਦੇਵਘਰ ਏਅਰਪੋਰਟ ਦੇ ਡਾਇਰੈਕਟਰ ਸੰਦੀਪ ਢੀਂਗਰਾ ਤੇ ਹੋਰਾਂ ਖ਼ਿਲਾਫ਼ ਕੁੰਡਾ ਪੁਲੀਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਨੌਂ ਜਣਿਆਂ ਨੇ ਦੇਵਘਰ ਹਵਾਈ ਅੱਡੇ ਦੇ ਏਟੀਸੀ ਰੂਮ ਵਿਚ ਦਾਖਲ ਹੋ ਕੇ ਸੁਰੱਖਿਆ ਨੇਮਾਂ ਦੀ ਉਲੰਘਣਾ ਕੀਤੀ ਤੇ ਉਹ ਧੱਕੇ ਨਾਲ ਆਪਣੇ ਜਹਾਜ਼ ਲਈ ‘ਟੇਕ-ਆਫ਼’ ਕਲੀਅਰੈਂਸ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਐਫਆਈਆਰ ਦਰਜ ਹੋਣ ਤੋਂ ਬਾਅਦ ਦੂਬੇ ਤੇ ਦੇਵਘਰ ਦੇ ਡੀਸੀ ਮੰਜੂਨਾਥ ਭਜੰਤਰੀ ਵਿਚਾਲੇ ਟਵਿੱਟਰ ’ਤੇ ਵਿਵਾਦ ਛਿੜ ਗਿਆ। ਐਫਆਈਆਰ ਵਿਚ ਦੋਸ਼ ਲਾਇਆ ਗਿਆ ਹੈ ਕਿ ਏਟੀਸੀ ਤੋਂ ਜਬਰੀ ਮਨਜ਼ੂਰੀ ਲਈ ਗਈ ਜਦਕਿ ਹਾਲ ਹੀ ਵਿਚ ਸ਼ੁਰੂ ਹੋਏ ਇਸ ਹਵਾਈ ਅੱਡੇ ’ਤੇ ਰਾਤ ਨੂੰ ਉਡਾਣ ਭਰਨ ਜਾਂ ਲੈਂਡਿੰਗ ਦੀ ਸਹੂਲਤ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਵਾਈ ਅੱਡੇ ਦਾ ਉਦਘਾਟਨ 12 ਜੁਲਾਈ ਨੂੰ ਕੀਤਾ ਸੀ। -ਪੀਟੀਆਈ
ਟਵਿੱਟਰ ’ਤੇ ਭਿੜੇ ਡੀਸੀ ਤੇ ਭਾਜਪਾ ਸੰਸਦ ਮੈਂਬਰ ਦੂਬੇ
ਟਵਿੱਟਰ ’ਤੇ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਅਤੇ ਡਿਪਟੀ ਕਮਿਸ਼ਨਰ ਮੰਜੂਨਾਥ ਭਜੰਤਰੀ ਵਿਚਾਲੇ ਇਸ ਮਾਮਲੇ ’ਤੇ ਤਿੱਖਾ ਤਕਰਾਰ ਹੋਇਆ ਹੈ। ਉਨ੍ਹਾਂ ਇਕ-ਦੂਜੇ ਉਤੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਲਾਏ ਹਨ। ਦੂਬੇ ਨੇ ਸਵਾਲ ਉਠਾਇਆ ਕਿ ਡੀਸੀ ਏਟੀਸੀ ਰੂਮ ’ਚ ਕਿਵੇਂ ਗਿਆ ਤੇ ਉਨ੍ਹਾਂ ਸੀਸੀਟੀਵੀ ਫੁਟੇਜ ਕਿਸ ਅਧਿਕਾਰ ਨਾਲ ਦੇਖੀ। ਦੂਬੇ ਨੇ ਕਿਹਾ ਕਿ ਡੀਸੀ ਗੈਰਕਾਨੂੰਨੀ ਢੰਗ ਨਾਲ ਹਵਾਈ ਅੱਡੇ ਦੇ ਅੰਦਰ ਦਾਖਲ ਹੋਇਆ ਤੇ ਉਹ ਮੁੱਖ ਮੰਤਰੀ ਤੋਂ ਨਿਰਦੇਸ਼ ਲੈ ਰਿਹਾ ਹੈ। ਆਈਏਐੱਸ ਅਧਿਕਾਰੀ ਭਜੰਤਰੀ ਨੇ ਟਵੀਟ ਕਰਦਿਆਂ ਕਿਹਾ, ‘ਮਾਣਯੋਗ ਸੰਸਦ ਮੈਂਬਰ ਜੀ, ਮੈਂ ਏਅਰਪੋਰਟ ਟਰਮੀਨਲ ’ਤੇ ਸਹੀ ਪਾਸ ਲੈ ਕੇ ਦਾਖਲ ਹੋਇਆ ਸੀ।’