ਸ੍ਰੀਨਗਰ, 23 ਜੁਲਾਈ
ਇਥੋਂ ਦੀ ਇੱਕ ਅਦਾਲਤ ਨੇ ਜੰਮੂ ਕਸ਼ਮੀਰ ਕਿ੍ਕਟ ਐਸੋਸੀਏਸ਼ਨ(ਜੇਕੇਸੀਏ) ਵਿੱਚ ਕਥਿਤ ਵਿੱਤੀ ਬੇਨਿਯਮੀਆਂ ਨਾਲ ਸਬੰਧਤ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿੱਚ ਨੈਸ਼ਨਲ ਕਾਨਫਰੰਸ (ਐਨਸੀ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਫਾਰੂਕ ਅਬਦੁੱਲਾ ਨੂੰ ਸੰਮਨ ਜਾਰੀ ਕੀਤਾ ਹੈ। ਜੇਕੇਸੀਏ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ‘ਤੇ ਸ੍ਰੀਨਗਰ ਦੇ ਮੁੱਖ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਅਬਦੁੱਲਾ ਨੂੰ 27 ਅਗਸਤ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਈਡੀ ਨੇ ਅਬਦੁੱਲਾ ਤੋਂ 31 ਮਈ ਨੂੰ ਤਿੰਨ ਘੰਟੇ ਪੁੱਛਗਿੱਛ ਕੀਤੀ ਸੀ। ਅਬਦੁੱਲਾ 2001 ਤੋਂ 2012 ਤੱਕ ਜੇਕੇਸੀਏ ਦੇ ਪ੍ਰਧਾਨ ਰਹੇ ਹਨ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਈਡੀ ਵੱਲੋਂ ਘੁਟਾਲੇ ਦੀ ਕੀਤੀ ਜਾ ਰਹੀ ਜਾਂਚ ਸਾਲ 2004 ਤੋਂ 2009 ਦਰਮਿਆਨ ਹੋਈਆਂ ਕਥਿਤ ਵਿੱਤੀ ਬੇਨਿਯਮੀਆਂ ’ਤੇ ਅਧਾਰਤ ਹੈ। ਇਸ ਮਾਮਲੇ ਵਿੱਚ ਈਡੀ 21 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਚੁੱਕੀ ਹੈ, ਜਿਸ ਵਿੱਚ ਅਬਦੁੱਲਾ ਦੀ 11.86 ਕਰੋੜ ਰੁਪਏ ਦੀ ਅਚੱਲ ਜਾਇਦਾਦ ਵੀ ਸ਼ਾਮਲ ਹੈ। ਸੀਬੀਆਈ ਨੇ ਜੇਕੇਸੀਏ ਦੇ ਸਾਬਕਾ ਅਹੁਦੇਦਾਰਾਂ ਖ਼ਿਲਾਫ਼ 43.69 ਕਰੋੜ ਰੁਪਏ ਦੇ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। –ਏਜੰਸੀ