ਨਵੀਂ ਦਿੱਲੀ, 31 ਜਨਵਰੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਭਲਕੇ ਸੋਮਵਾਰ ਨੂੰ ਸੰਸਦ ਵਿੱਚ ਬਜਟ ਪੇਸ਼ ਕਰਨਗੇ। ਮਹਾਮਾਰੀ ਦੇ ਝੰਬੇ ਆਮ ਆਦਮੀ ਨੂੰ ਬਜਟ ਤੋਂ ਰਾਹਤ ਦੀਆਂ ਵੱਡੀਆਂ ਆਸਾਂ ਹਨ। ਸੂਤਰਾਂ ਦੀ ਮੰਨੀਏ ਤਾਂ ਸਰਕਾਰ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਿਹਤ ਸੰਭਾਲ, ਬੁਨਿਆਦੀ ਢਾਂਚੇ ਅਤੇ ਗੁਆਂਢੀਆਂ ਨਾਲ ਰਿਸ਼ਤਿਆਂ ’ਚ ਵਧਦੀ ਤਲਖੀ ਦੇ ਮੱਦੇਨਜ਼ਰ ਰੱਖਿਆ ਖੇਤਰ ਲਈ ਵੱਧ ਪੈਸਾ ਰਾਖਵਾਂ ਰੱਖ ਸਕਦੀ ਹੈ। ਕੋਵਿਡ-19 ਸੰਕਟ ਤੋਂ ਉਭਰਨ ਦਰਮਿਆਨ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ 9ਵੇਂ ਬਜਟ (ਇੱਕ ਅੰਤਰਿਮ ਬਜਟ ਸਮੇਤ) ਵਿੱਚ ਰੁਜ਼ਗਾਰ ਸਿਰਜਣਾ, ਪੇਂਡੂ ਵਿਕਾਸ ਤੇ ਵਿਕਾਸ ਸਕੀਮਾਂ ਲਈ ਵਧੇਰੇ ਫੰਡ ਰੱਖਣਾ, ਆਮਦਨ ਕਰ ਦੀ ਹੱਦ ਵਧਾ ਕੇ ਲੋਕਾਂ ਦੇ ਹੱਥਾਂ ’ਚ ਵੱਧ ਤੋਂ ਵੱਧ ਪੈਸਾ ਦੇਣ ਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਨੇਮਾਂ ’ਚ ਕਟੌਤੀ ਜਿਹੇ ਉਪਰਾਲਿਆਂ ਦੀ ਆਸ ਹੈ। -ਪੀਟੀਆਈ