ਨਵੀਂ ਦਿੱਲੀ, 21 ਫਰਵਰੀ
ਭਾਰਤੀ ਤੇ ਵਿਦੇਸ਼ੀ ਉੱਚ ਸਿੱਖਿਆ ਸੰਸਥਾਵਾਂ ਜਲਦੀ ਹੀ ਸਾਂਝੀਆਂ ਜਾਂ ਦੋਹਰੀਆਂ ਡਿਗਰੀਆਂ ਵਿਦਿਆਰਥੀਆਂ ਨੂੰ ਦੇ ਸਕਦੀਆਂ ਹਨ। ਯੂਜੀਸੀ ਅਜਿਹੇ ਪ੍ਰੋਗਰਾਮਾਂ ਬਾਰੇ ਨੇਮਾਂ ਦਾ ਖਰੜਾ ਤਿਆਰ ਕਰ ਰਹੀ ਹੈ। ਹਾਲਾਂਕਿ ਇਸ ਬਾਰੇ ਫ਼ੈਸਲਾ ਖਰੜੇ ਨੂੰ ਮਿਲੇ ਹੁੰਗਾਰੇ ਦੇ ਅਧਾਰ ਉਤੇ ਮੁਲਾਂਕਣ ਕਰ ਕੇ ਲਿਆ ਜਾਵੇਗਾ। ਇਸ ’ਤੇ ਪਹਿਲਾਂ ਲੋਕਾਂ ਦੀ ਰਾਇ ਲਈ ਜਾਵੇਗੀ।
ਯੂਜੀਸੀ ਦੇ ਖਰੜੇ ਮੁਤਾਬਕ ਭਾਰਤੀ ਉੱਚ ਸਿੱਖਿਆ ਸੰਸਥਾਵਾਂ ਵਿਦੇਸ਼ੀ ਸੰਸਥਾਵਾਂ ਨਾਲ ਭਾਈਵਾਲੀ ਪਾ ਸਕਦੀਆਂ ਹਨ। ਇਸ ਤਹਿਤ ਕਰੈਡਿਟ (ਅੰਕ) ਟਰਾਂਸਫਰ ਤੇ ਦੋਹਰੀਆਂ ਡਿਗਰੀਆਂ ਦੇਣ ਲਈ ਨੇਮ-ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਹਾਲਾਂਕਿ ਇਹ ਨਿਯਮ ਆਨਲਾਈਨ, ਓਪਨ ਤੇ ਦੂਰਵਰਤੀ ਸਿੱਖਿਆ ਉਤੇ ਲਾਗੂ ਨਹੀਂ ਹੋਣਗੇ। ਖਰੜੇ ਵਿਚ ਕਿਹਾ ਗਿਆ ਹੈ ਕਿ ‘ਐਨਏਏਸੀ’ ਵੱਲੋਂ ਜਿਸ ਸੰਸਥਾ ਨੂੰ ਘੱਟੋ ਘੱਟ 3.01 ਅੰਕ ਦਿੱਤੇ ਗਏ ਹਨ, ਜਾਂ ਜਿਹੜੀ ਸੰਸਥਾ ਭਾਰਤ ਵਿਚ ਦਰਜਾਬੰਦੀ ’ਚ ਸਿਖ਼ਰਲੇ 100 ’ਚ ਸ਼ਾਮਲ ਹੈ ਤੇ ਹੋਰ ਮਹੱਤਵ ਵਾਲੀਆਂ ਸੰਸਥਾਵਾਂ ਕਿਸੇ ਵੀ ਚੋਟੀ ਦੀ ਵਿਦੇਸ਼ੀ ਸੰਸਥਾ ਨਾਲ ਸਾਂਝ ਪਾ ਸਕਦੀਆਂ ਹਨ।
ਵਿਦੇਸ਼ੀ ਸੰਸਥਾਵਾਂ ਟਾਈਮਜ਼ ਜਾਂ ਕਿਊਐੱਸ ਦਰਜਾਬੰਦੀ ਵਿਚ ਹੋਣੀਆਂ ਚਾਹੀਦੀਆਂ ਹਨ। ਇਸ ਵਰਗ ਤੋਂ ਬਾਹਰ ਦੀਆਂ ਵਿਦਿਅਕ ਸੰਸਥਾਵਾਂ ਨੂੰ ਯੂਜੀਸੀ ਦੀ ਪ੍ਰਵਾਨਗੀ ਲੈਣੀ ਪਵੇਗੀ। ਅਕਾਦਮਿਕ ਭਾਈਵਾਲੀ ਕਰੈਡਿਟ ਟਰਾਂਸਫਰ, ਸਾਂਝੀ ਡਿਗਰੀ, ਦੋਹਰੇ ਡਿਗਰੀ ਪ੍ਰੋਗਰਾਮ ਲਈ ਹੋਵੇਗੀ। -ਪੀਟੀਆਈ