ਮੁੰਬਈ: ਅਦਾਕਾਰ ਤੇ ਫ਼ਿਲਮਸਾਜ਼ ਰਾਜੀਵ ਕਪੂਰ ਦੀ ਅੱਜ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਉਹ 58 ਸਾਲਾਂ ਦੇ ਸਨ। ਰਾਜੀਵ ਕਪੂਰ ਉੱਘੇ ਫ਼ਿਲਮਸਾਜ਼ ਤੇ ਅਦਾਕਾਰ ਰਾਜ ਕਪੂਰ ਦਾ ਸਭ ਤੋਂ ਛੋਟਾ ਪੁੱਤਰ ਹੈ। ਮਰਹੂਮ ਅਦਾਕਾਰ ਰਿਸ਼ੀ ਕਪੂਰ ਦੀ ਪਤਨੀ ਨੀਤੂ ਸਿੰਘ ਨੇ ਅੱਜ ਸਭ ਤੋਂ ਪਹਿਲਾਂ ਇੰਸਟਾਗ੍ਰਾਮ ’ਤੇ ਰਾਜੀਵ ਕਪੂਰ ਦੇ ਅਕਾਲ ਚਲਾਣੇ ਦੀ ਪੁਸ਼ਟੀ ਕੀਤੀ। ਨੀਤੂ ਨੇ ਰਿਸ਼ਤੇ ’ਚ ਦਿਓਰ ਲਗਦੇ ਰਾਜੀਵ ਦੀ ਫੋਟੋ ਦੇ ਨਾਲ ‘ਰਿਪ’ ਲਿਖਿਆ। ਅਦਾਕਾਰ ਰਣਧੀਰ ਕਪੂਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਰਾਜੀਵ ਕਪੂਰ ਦੀ ਅੱਜ ਦੁਪਹਿਰੇ ਡੇਢ ਵਜੇ ਦੇ ਕਰੀਬ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਰਾਜੀਵ ਕਪੂਰ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 1983 ਵਿੱਚ ਫ਼ਿਲਮ ‘ਏਕ ਜਾਨ ਹੈਂ ਹਮ’ ਨਾਲ ਕੀਤੀ ਸੀ, ਪਰ ਉਨ੍ਹਾਂ ਨੂੰ ਬੌਲੀਵੁੱਡ ਵਿੱਚ ਪਹਿਲੀ ਸਫ਼ਲਤਾ ਆਪਣੇ ਪਿਤਾ ਰਾਜ ਕਪੂਰ ਵੱਲੋਂ ਨਿਰਦੇਸ਼ਤ ਆਖਰੀ ਫ਼ਿਲਮ ‘ਰਾਮ ਤੇਰੀ ਗੰਗਾ ਮੈਲੀ’(1985) ਨਾਲ ਮਿਲੀ। ਰਾਜੀਵ ਨੇ ਮਗਰੋਂ ‘ਆਸਮਾਨ’, ‘ਲਵਰ ਬੁਆਏ’, ‘ਜ਼ਬਰਦਸਤ’ ਤੇ ‘ਹਮ ਤੋਂ ਚਲੇ ਪਰਦੇਸ’ ਜਿਹੀਆਂ ਕਈਆਂ ਫ਼ਿਲਮਾਂ ਕੀਤੀਆਂ। ਰਾਜੀਵ ਕਪੂਰ ਦੀ ਮੁੱਖ ਭੂਮਿਕਾ ਵਾਲੀ ਆਖਰੀ ਫ਼ਿਲਮ ‘ਜ਼ਿੰਮੇਦਾਰ’(1990) ਸੀ। ਮਗਰੋਂ ਰਾਜੀਵ ਨੇ ਫ਼ਿਲਮਾਂ ਦੇ ਨਿਰਮਾਣ ਤੇ ਨਿਰਦੇਸ਼ਨ ਵੱਲ ਰੁਖ਼ ਕਰ ਲਿਆ। 1996 ਵਿੱਚ ਰਾਜੀਵ ਕਪੂਰ ਨੇ ਰਿਸ਼ੀ ਕਪੂਰ ਤੇ ਮਾਧੁਰੀ ਦੀਕਸ਼ਿਤ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਪ੍ਰੇਮ ਗ੍ਰੰਥ’ ਦਾ ਨਿਰਦੇਸ਼ਨ ਕੀਤਾ। ਉਨ੍ਹਾਂ ਆਪਣੇ ਵੱਡੇ ਭਰਾ ਰਿਸ਼ੀ ਕਪੂਰ ਵੱਲੋਂ ਨਿਰਦੇਸ਼ਤ ਫ਼ਿਲਮ ‘ਆ ਅਬ ਲੌਟ ਚਲੇਂ’ (1999) ’ਚ ਨਿਰਮਾਤਾ ਵਜੋਂ ਕੰਮ ਕੀਤਾ। ਸਾਲ 2001 ਵਿੱਚ ਰਾਜੀਵ ਨੇ ਪੇਸ਼ੇ ਵਜੋਂ ਆਰਕੀਟੈਕਟ ਆਰਤੀ ਸਭਰਵਾਲ ਨਾਲ ਵਿਆਹ ਕੀਤਾ, ਪਰ ਮਗਰੋਂ ਦੋਵਾਂ ਦਾ ਤਲਾਕ ਹੋ ਗਿਆ। ਰਾਜੀਵ ਇਨ੍ਹੀਂ ਦਿਨੀਂ ਸੰਜੈ ਦੱਤ ਦੀ ਮੁੱਖ ਭੂਮਿਕਾ ਵਾਲੀ ਤੇ ਫ਼ਿਲਮਸਾਜ਼ ਆਸ਼ੂਤੋਸ ਗੋਵਾਰੀਕਰ ਦੀ ਖੇਡ ਡਰਾਮਾ ਫ਼ਿਲਮ ‘ਤੁਲਸੀਦਾਸ ਜੂਨੀਅਰ’ ਨਾਲ ਵੱਡੇ ਪਰਦੇ ’ਤੇ ਵਾਪਸੀ ਦੀਆਂ ਤਿਆਰੀਆਂ ’ਚ ਸੀ। ਫ਼ਿਲਮ ਜਗਤ ਤੇ ਸਿਆਸਤ ਨਾਲ ਜੁੜੀਆਂ ਹਸਤੀਆਂ ਨੇ ਰਾਜੀਵ ਕਪੂਰ ਦੇ ਅਕਾਲ ਚਲਾਣੇ ’ਤੇ ਦੁੱਖ ਜਤਾਇਆ ਹੈ।