ਮੁੰਬਈ, 27 ਅਕਤੂਬਰ
ਇਥੋਂ ਦੀ ਪੁਲੀਸ ਨੇ ਫਿਲਮ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ਖ਼ਿਲਾਫ਼ ਆਪਣੀ ਪਤਨੀ ’ਤੇ ਕਾਰ ਚੜ੍ਹਾ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਅਸਲ ਵਿੱਚ ਮਿਸ਼ਰਾ ਦੀ ਪਤਨੀ ਨੇ ਉਸ ਨੂੰ ਗੱਡੀ ‘ਚ ਕਿਸੇ ਹੋਰ ਔਰਤ ਨਾਲ ਦੇਖ ਲਿਆ ਸੀ ਤੇ ਉਹ ਇਸ ਗੱਲ ਤੋਂ ਖਾਸਾ ਨਾਰਾਜ਼ ਹੋ ਗਿਆ। ਪੁਲੀਸ ਨੇ ਦੱਸਿਆ ਕਿ ਉਪਨਗਰ ਅੰਧੇਰੀ ਵਿੱਚ ਰਿਹਾਇਸ਼ੀ ਇਮਾਰਤ ਦੇ ਪਾਰਕਿੰਗ ਖੇਤਰ ਵਿੱਚ 19 ਅਕਤੂਬਰ ਦੀ ਇਸ ਘਟਨਾ ਵਿੱਚ ਫਿਲਮ ਨਿਰਮਾਤਾ ਦੀ ਪਤਨੀ ਜ਼ਖ਼ਮੀ ਹੋ ਗਈ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਸੀਨੀਅਰ ਪੁਲੀਸ ਇੰਸਪੈਕਟਰ ਬੰਦੋਪੰਤ ਬਨਸੋਡੇ ਅਨੁਸਾਰ ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਸਨ ਤੇ ਇਸ ਦੇ ਚੱਲਦੇ ਹੀ ਉਸ ਦੇ ਪਤੀ ਨੇ ਉਸ ’ਤੇ ਕਾਰ ਚੜ੍ਹਾ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਮਿਸ਼ਰਾ ਉੱਤਰ ਪ੍ਰਦੇਸ਼ ਦੇ ਗੌਂਡਾ ਜ਼ਿਲ੍ਹੇ ਦਾ ਨਿਵਾਸੀ ਹੈ। ਉਸ ਨੇ ਭੂਤੀਆਪਾ, ਫਲੈਟ ਨੰ.420, ਸ਼ਰਮਾ ਜੀ ਕੀ ਲਗ ਗਈ, ਖ਼ਲੀ ਬਲੀ ਅਤੇ ਦੇਹਾਤੀ ਡਿਸਕੋ ਆਦਿ ਫਿਲਮਾਂ ਬਣਾਈਆਂ ਹਨ। ਪੁਲੀਸ ਨੇ ਮੁਲਜ਼ਮ ਫਿਲਮ ਨਿਰਮਾਤਾ ਦੀ ਭਾਲ ਆਰੰਭ ਦਿੱਤੀ ਹੈ। -ਆਈਏਐਨਐਸ