ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਪਰੈਲ
ਕਾਂਗਰਸ ਦੇ ਸਾਬਕਾ ਆਗੂ ਸੱਜਣ ਕੁਮਾਰ ਖ਼ਿਲਾਫ਼ ਦੋ ਸਿੱਖਾਂ ਦੇ ਕਤਲ ਮਾਮਲੇ ’ਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਸੱਜਣ ਕੁਮਾਰ ਨੂੰ ਉਸ ਕੇਸ ਵਿੱਚ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ 1984 ਦੇ ਸਿੱਖ ਕਤਲੇਆਮ ਦਾ ਤੀਜਾ ਕੇਸ ਹੈ ਜਿਸ ਵਿਚ ਸੱਜਣ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਹੈ। ਸੁਭਾਸ਼ ਪੈਲੇਸ ਥਾਣੇ ਨਾਲ ਸਬੰਧਤ ਕੇਸ ਦੀ ਅਦਾਲਤ ਵੱਲੋਂ 5 ਮਈ ਨੂੰ ਸੁਣਵਾਈ ਕੀਤੀ ਜਾਵੇਗੀ। ਇਸ ਕੇਸ ਵਿੱਚ ਪਿਤਾ-ਪੁੱਤਰ ਜਸਵੰਤ ਸਿੰਘ ਅਤੇ ਤਰਨ ਅਨੂਪ ਸਿੰਘ ਦਾ ਕਤਲ ਰਾਜ ਨਗਰ ਪੰਜਾਬੀ ਬਾਗ ਦੇ ਇਲਾਕੇ ਵਿੱਚ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਪਹਿਲਾ ਕੇਸ ਦਿੱਲੀ ਕੈਂਟ ਥਾਣੇ ਦਾ ਹੈ ਜਿਸ ਵਿਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਅਤੇ ਉਹ ਜੇਲ੍ਹ ਵਿਚ ਬੰਦ ਹੈ। ਦੂਜਾ ਕੇਸ ਸੁਲਤਾਨਪੁਰੀ ਥਾਣੇ ਨਾਲ ਸਬੰਧਤ ਹੈ ਅਤੇ ਇਸ ਕੇਸ ਦੀਆਂ ਅਦਾਲਤ ਵਿੱਚ ਗਵਾਹੀਆਂ ਚੱਲ ਰਹੀਆਂ ਹਨ।