ਨਵੀਂ ਦਿੱਲੀ, 11 ਮਾਰਚ
ਚੋਣ ਕਮਿਸ਼ਨ ਨੇ ਅੱਜ ਦੱਸਿਆ ਕਿ ਈਵੀਐੱਮ ਹੈਕਿੰਗ ਬਾਰੇ ਇੰਟਰਨੈੱਟ ’ਤੇ ਚੱਲ ਰਹੀ ਇੱਕ ਝੂਠੀ ਖ਼ਬਰ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਕਮਿਸ਼ਨ ਨੇ ਦੱਸਿਆ ਕਿ ਇਸ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ ’ਤੇ ਦਿੱਲੀ ਦੇ ਮੁੱਖ ਚੋਣ ਅਫ਼ਸਰ ਨੇ ਆਈਪੀਸੀ ਦੀ ਧਾਰਾ 500 ਤੇ ਜਨ ਪ੍ਰਤੀਨਿਧੀਤਵ ਐਕਟ ਦੀਆਂ ਧਾਰਾਵਾਂ 128 ਅਤੇ 134 ਤਹਿਤ ਕੇਸ ਦਰਜ ਕੀਤਾ ਹੈ। ਕਮਿਸ਼ਨ ਨੇ ਦੱਸਿਆ ਕਿ ਇਸ ਮਾਮਲੇ ’ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਝੂਠੀ ਖ਼ਬਰ ਅਪਲੋਡ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਨ੍ਹਾਂ ਚੋਣ ਪ੍ਰਕਿਰਿਆ ਬਾਰੇ ਮਾੜਾ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ। ਚੋਣ ਪੈਨਲ ਨੇ ਕਿਹਾ ਕਿ 21 ਦਸੰਬਰ 2017 ਨਾਲ ਸਬੰਧਤ ਖ਼ਬਰ ਰਾਹੀਂ ਜਾਣਬੁੱਝ ਕੇ ਇਹ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਬਕਾ ਮੁੱਖ ਚੋਣ ਕਮਿਸ਼ਨਰ ਟੀ ਐੱਸ ਕ੍ਰਿਸ਼ਨਾਮੂਰਤੀ ਦਾ ਮੰਨਣਾ ਹੈ ਕਿ ਇਕ ਵਿਸ਼ੇਸ਼ ਪਾਰਟੀ ਈਵੀਐੱਮਜ਼ ਹੈਕ ਕਰ ਕੇ ਵਿਧਾਨ ਸਭਾ ਚੋਣਾਂ ਜਿੱਤ ਗਈ ਹੈ। ਕਮਿਸ਼ਨ ਮੁਤਾਬਕ ਸਾਲ 2018 ਵਿੱਚ ਇਹ ਮਾਮਲਾ ਸ੍ਰੀ ਕ੍ਰਿਸ਼ਨਾਮੂਰਤੀ ਦੇ ਧਿਆਨ ਵਿੱਚ ਆਉਣ ਮਗਰੋਂ ਇਸ ਗਲਤ ਜਾਣਕਾਰੀ ਦਾ ਸਾਬਕਾ ਮੁੱਖ ਚੋਣ ਕਮਿਸ਼ਨਰ ਵੱਲੋਂ ਖ਼ੁਦ ਵੀ ਖੰਡਨ ਕੀਤਾ ਜਾ ਚੁੱਕਾ ਹੈ। ਇਹੀ ਖ਼ਬਰ ਹੁਣ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੁੜ ਸੋਸ਼ਲ ਮੀਡੀਆ ’ਤੇ ਪ੍ਰਚਾਰੀ ਜਾ ਰਹੀ ਹੈ। ਇਸ ਦੌਰਾਨ ਇਸ ਝੂਠੀ ਖ਼ਬਰ ਦਾ ਖੰਡਨ ਕਰਦਿਆਂ ਸਾਬਕਾ ਮੁੱਖ ਚੋਣ ਕਮਿਸ਼ਨਰ ਸ੍ਰੀ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਮੌਜੂਦਾ ਸਮੇਂ ਮੁਲਕ ’ਚ ਚੱਲ ਰਹੀਆਂ ਚੋਣਾਂ ਦੌਰਾਨ ਅਜਿਹਾ ਮਾੜਾ ਪ੍ਰਭਾਵ ਸਿਰਜਣਾ ਗਲਤ ਤੇ ਸ਼ਰਾਰਤੀ ਕਿਸਮ ਦੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਉਹ ਮੁੜ ਦਹੁਰਾਉਂਦੇ ਹਨ ਕਿ ਈਵੀਐੱਮਜ਼ ਸਭ ਤੋਂ ਵੱਧ ਭਰੋਸੇਮੰਦ ਹਨ ਤੇ ਉਨ੍ਹਾਂ ਨੂੰ ਇਸਦੀ ਕਾਰਗੁਜ਼ਾਰੀ ਤੇ ਭਰੋਸੇਯੋਗਤਾ ’ਤੇ ਕੋਈ ਸ਼ੱਕ ਨਹੀਂ ਹੈ। -ਪੀਟੀਆਈ