ਲਖਨਊ, 7 ਮਈ
ਆਕਸੀਜਨ ਦੀ ਉਪਲੱਬਧਤਾ ਨੂੰ ਲੈ ਕੇ ਕਥਿਤ ਗ਼ਲਤ ਜਾਣਕਾਰੀ ਦੇ ਕੇ ਮਰੀਜ਼ਾਂ ਨੂੰ ਵਾਪਸ ਭੇਜਣ ਦੇ ਦੋਸ਼ ਵਿੱਚ ਇਥੇ ਗੋਮਤੀ ਨਗਰ ਸਥਿਤ ਨਿੱਜੀ ਹਸਪਤਾਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ‘ਸਨ ਹਸਪਤਾਲ’ ਦੇ ਮੈਨੇਜਰ ਅਖਿਲੇਸ਼ ਪਾਂਡੇ ਖ਼ਿਲਾਫ਼ ਵਿਭੂਤੀ ਖੰਡ ਪੁਲੀਸ ਸਟੇਸ਼ਨ ਵਿੱਚ ਆਫ਼ਤ ਪ੍ਰਬੰਧਨ ਐਕਟ ਤੇ ਐਪੀਡੈਮਿਕ ਡਿਜ਼ੀਜ਼ਿਜ਼ ਐਕਟ ਸਮੇਤ ਆਈਪੀਸੀ ਦੀ ਧਾਰਾ 188 ਤੇ 269 ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੱਸਐੱਚਓ ਚੰਦਰ ਸ਼ੇਖਰ ਸਿੰਘ ਨੇ ਕਿਹਾ ਕਿ ਜਾਂਚ ਜਾਂਰੀ ਹੈ ਤੇ ਕੇਸ ਵਿੱਚ ਕੁਝ ਹੋਰ ਨਾਮ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਦੱਸਣਾ ਬਣਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਂਚ ਦੌਰਾਨ ਪਤਾ ਲੱਗਾ ਸੀ ਕਿ ਹਸਪਤਾਲ ਵੱਲੋਂ ਆਕਸੀਜਨ ਦੀ ਘਾਟ ਬਾਰੇ ‘ਅਫ਼ਵਾਹਾਂ ਫੈਲਾਈਆਂ’ ਜਾ ਰਹੀਆਂ ਸਨ ਤੇ ਹਸਪਤਾਲ ਨੇ ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਨੋਟਿਸ ਸਰਕੁਲੇਟ ਕਰਦਿਆਂ ਕਰੋਨਾ ਪੀੜਤ ਮਰੀਜ਼ਾਂ ਦੇ ਤਿਮਾਰਦਾਰਾਂ ਨੂੰ ਕਿਹਾ ਸੀ ਕਿ ਉਹ ਆਕਸੀਜਨ ਸਪੋਰਟ ਦੀ ਲੋੜ ਵਾਲੇ ਮਰੀਜ਼ਾਂ ਨੂੰ ਇਥੋਂ ਲੈ ਜਾਣ। ਹਾਲਾਂਕਿ ਜਾਂਚ ਦੌਰਾਨ ਪਤਾ ਲੱਗਾ ਕਿ ਹਸਪਤਾਲ ਕੋਲ ਅੱਠ ਵੱਡੇ ਸਿਲੰਡਰ ਤੇ ਦੋ ਬੀ-ਟਾਈਪ ਸਿਲੰਡਰ ਤੇ ਕੰਸਨਟਰੇਟਰ ਮੌਜੂਦ ਸਨ। ਇਸ ਨਿੱਜੀ ਹਸਪਤਾਲ ਨੂੰ ਇਕ ਮਹੀਨਾ ਪਹਿਲਾਂ ਕੋਵਿਡ ਫੈਸਿਲਟੀ ਐਲਾਨਿਆ ਗਿਆ ਸੀ। -ਪੀਟੀਆਈ