ਨਵੀਂ ਦਿੱਲੀ, 18 ਜੁਲਾਈ
ਤਜਰਬੇਕਾਰ ਖੇਡ ਪ੍ਰਬੰਧਕ ਨਰਿੰਦਰ ਬੱਤਰਾ ਨੇ ਅੱਜ ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨਾਲ ਹੀ ਉਨ੍ਹਾਂ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੀ ਮੈਂਬਰਸ਼ਿਪ ਵੀ ਛੱਡ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜਦੋਂ 25 ਮਈ ਨੂੰ ਦਿੱਲੀ ਹਾਈ ਕੋਰਟ ਨੇ ਹਾਕੀ ਇੰਡੀਆ ਵਿੱਚ ‘ਉਮਰ ਭਰ ਦੀ ਮੈਂਬਰਸ਼ਿਪ’ ਖ਼ਤਮ ਕਰ ਦਿੱਤੀ ਸੀ ਤਾਂ ਬੱਤਰਾ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੇ ਪ੍ਰਧਾਨ ਦਾ ਅਹੁਦਾ ਛੱਡਣਾ ਪਿਆ ਸੀ। ਤਿੰਨ ਵੱਖ-ਵੱਖ ਪੱਤਰਾਂ ਰਾਹੀਂ ਬੱਤਰਾ ਨੇ ਅਧਿਕਾਰਤ ਤੌਰ ’ਤੇ ਆਈਓਏ, ਆਈਓਸੀ ਤੇ ਐੱਫਆਈਐੱਚ ਵਿੱਚ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਹੈੈ। -ਪੀਟੀਆਈ
ਸੀਬੀਆਈ ਵੱਲੋਂ ਬੱਤਰਾ ਦੇ ਪੰਜ ਟਿਕਾਣਿਆਂ ’ਤੇ ਛਾਪੇ
ਨਵੀਂ ਦਿੱਲੀ: ਸੀਬੀਆਈ ਨੇ ਅੱਜ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੇ ਸਾਬਕਾ ਪ੍ਰਧਾਨ ਨਰਿੰਦਰ ਬੱਤਰਾ ਦੇ ਦਿੱਲੀ ਤੇ ਜੰਮੂ ਵਿਚਲੇ ਪੰਜ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ ਵਿੱਚ ਬੱਤਰਾ ਖ਼ਿਲਾਫ਼ ਕੇਸ ਦਰਜ ਹੋਣ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਨੂੰ ਬੱਤਰਾ ਖ਼ਿਲਾਫ਼ ਸ਼ਿਕਾਇਤ ਮਿਲਣ ਮਗਰੋਂ ਉਨ੍ਹਾਂ ਇਸ ਸਾਲ ਅਪਰੈਲ ਵਿੱਚ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਸੀ। ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਬੱਤਰਾ ਨੇ ਹਾਕੀ ਇੰਡੀਆ ਦੇ 35 ਲੱਖ ਰੁਪਏ ਨਿੱਜੀ ਫਾਇਦੇ ਲਈ ਵਰਤੇ ਸਨ। -ਪੀਟੀਆਈ